ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਪਰੈਲ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਖਿਲਾਫ਼ ਆਰੰਭੇ ਸੰਘਰਸ਼ ਨੂੰ ਅੱਜ ਸਾਢੇ ਚਾਰ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਅਜੇ ਵੀ ਅੰਦੋਲਨ ਨੂੰ ਕੁਚਲਣ ਦੀਆਂ ਗੋਂਦਾਂ ਗੁੰਦ ਰਹੀ ਹੈ। ਜਿਸ ਨੂੰ ਦੇਸ਼ ਦੇ ਲੋਕ ਸਫ਼ਲ ਨਹੀਂ ਹੋਣ ਦੇਣਗੇ। ਅੱਜ ਕਜਾਰੀਆ ਭਵਨ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਪ੍ਰੈੱਸ ਕਾਨਫਰੰਸ ਵਿੱਚ ਲਾਗਲੇ ਸੂਬਿਆਂ ਦੇ ਕਿਸਾਨ ਆਗੂ ਸ਼ਾਮਲ ਸਨ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ, ਜੇਜੇਪੀ ਸਰਕਾਰ ਕਿਸਾਨਾਂ ’ਤੇ ਤਸ਼ੱਸਦ ਕਰ ਰਹੀ ਹੈ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਅੱਜ ਦੀ ਇਸ ਪ੍ਰੈੱਸ ਕਾਨਫਰੰਸ ਵਿੱਚ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਐਮਐਸਪੀ ਵਾਰੇ ਝੂਠ ਬੋਲ ਰਹੀ ਹੈ। ਦਿੱਲੀ ਵਿਚ ਕਣਕ ਦਾ ਰੇਟ 1775 ਰੁਪਏ ਨਿਸ਼ਚਿਤ ਕੀਤਾ ਗਿਆ ਹੈ ਪਰ ਮੰਡੀਆਂ ਵਿੱਚ ਖਰੀਦ ਬੰਦ ਹੈ। ਕੇਂਦਰ ਸਰਕਾਰ ਵੱਲੋਂ ਖਾਦਾਂ ਦੇ ਰੇਟ ਵਿੱਚ 58 ਫੀਸਦੀ ਵਾਧਾ ਕਰ ਦਿੱਤਾ ਗਿਆ ਹੈ ਕਿ ਜਦ ਕਿ ਫਸਲਾਂ ਦੇ ਭਾਅ ਵਿੱਚ ਇਕ ਪੈਸਾ ਵੀ ਨਹੀਂ ਵਧਾਇਆ ਗਿਆ। ਮੋਦੀ ਸਰਕਾਰ ਦਾ ਵਾਰ ਵਾਰ 2022 ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ ਦਾ ਹਾਸੋਹੀਣਾ ਬਿਆਨ ਦੇ ਰਹੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਦੇਸ਼ ਪੱਧਰ ਤੇ ਭਾਜਪਾ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣ, ਘੱਟੋ-ਘੱਟ ਸਮਰਥਨ ਮੁੱਲ ਦਿਤਾ ਜਾਵੇ, ਮਜ਼ਦੂਰ ਵਿਰੋਧੀ ਕਾਨੂੰਨ ਵਾਪਿਸ ਕੀਤੇ ਜਾਣ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਵਾਪਸ ਲਿਆ ਜਾਵੇ, ਕਿਸਾਨਾਂ ਤੇ ਬਣਾਏ ਪਰਚੇ ਰੱਦ ਕੀਤੇ ਜਾਣ। ਇਨ੍ਹਾਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣਗੇ। ਪ੍ਰੈੱਸ ਕਾਨਫਰੰਸ ਵਿੱਚ ਰਣਜੀਤ ਸਿੰਘ ਰਾਜੂ, ਕ੍ਰਿਸ਼ਨਾ ਪ੍ਰਸ਼ਾਦ, ਗੁਰਨਾਮ ਸਿੰਘ ਝੱਬਰ, ਲਖਵਿੰਦਰ ਸਿੰਘ ਔਲਖ, ਦਵਿੰਦਰ ਮਲਿਕ, ਮੁਕੇਸ਼ ਸ਼ਰਮਾ, ਵਿਕਾਸ ਕੇਸਰ, ਅਸ਼ੀਸ਼ ਮਿੱਤਲ, ਜਗਤਾਰ ਸਿੰਘ ਬਾਜਵਾ , ਸਤੀਸ਼ ਅਤੇ ਦੀਪ ਖੱਤਰੀ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।
ਖਟਕੜ ਟੌਲ ਪਲਾਜ਼ਾ ਕੋਲ ਕਿਸਾਨਾਂ ਦਾ ਧਰਨਾ ਜਾਰੀ
ਜੀਂਦ (ਮਹਾਂਵੀਰ ਮਿੱਤਲ): ਖੇਤੀ ਦੇ ਤਿੰਨੇ ਕਾਨੂੰਨਾਂ ਦੇ ਵਿਰੋਧ ਵਿੱਚ ਖਟਕੜ ਟੌਲ ਪਲਾਜ਼ਾ ਕੋਲ ਕਿਸਾਨਾਂ ਦਾ ਧਰਨਾ, ਭੁੱਖ ਹੜਤਾਲ ਜਾਰੀ ਹੈ। ਧਰਨੇ ਦੀ ਅਗਵਾਈ ਰਾਮਫਲ ਰੂਪਗੜ੍ਹ ਨੇ ਕੀਤੀ ਅਤੇ ਭੁੱਖ ਹੜਤਾਲ ਉੱਤੇ ਜ਼ਿਲ੍ਹੇ ਸਿੰਘ ਖਟਕੜ, ਬਾਰੂ ਸਾਧ, ਵੇਦ ਪ੍ਰਕਾਸ਼ ਸ਼ਰਮਾ, ਸੁਨੀਲ ਕਾਬਰਛਾਂ ਅਤੇ ਸੱਤਾ ਖਟਕੜ ਬੈਠੇ। ਕਿਸਾਨਾਂ ਨੇ ਧਰਨੇ ਦੌਰਾਨ ਸਰਕਾਰ ਨੇ ਅੱਜ ਇੱਥੇ ਹਰਿਆਣਾ ਸਰਕਾਰ ਵੱਲੋਂ ਸੰਪਤੀ ਨੁਕਸਾਨੀ ਵਸੂਲੀ ਬਿਲ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ ਗਿਆ। ਸਰਵ ਜਾਤੀ ਖੇੜਾ ਖਾਪ ਦੇ ਪ੍ਰਧਾਨ ਸਤਿਵੀਰ ਸਿੰਘ ਬਰਸੋਲਾ ਨੇ ਕਿਹਾ ਕਿ ਕਿਸਾਨ ਅਨੁਸਾਸ਼ਨ ਅਤੇ ਸਾਂਤੀ ਨਾਲ ਅਪਣਾ ਅੰਦੋਲਨ ਚਲਾ ਰਹੇ ਹਨ। 14 ਅਪਰੈਲ ਤੋਂ ਜਜਪਾ, ਭਾਜਪਾ ਦੇ ਮੰਤਰੀਆਂ ਅਤੇ ਹੋਰ ਨੇਤਾਵਾਂ ਵੱਲੋਂ ਦੌਰੇ ਕਰਨ ਦਾ ਬਿਆਨ ਦਿੱਤਾ ਗਿਆ ਹੈ, ਉਹ ਆਪਸ ਵਿੱਚ ਭਾਈਚਾਰਾ ਖਰਾਬ ਕਰਨ ਦੀ ਸਾਜਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਅੰਦੋਲਨ ਚੱਲੇਗਾ, ਉਦੋਂ ਤੱਕ ਜਜਪਾ, ਭਾਜਪਾ ਦੇ ਨੇਤਾਵਾਂ ਦਾ ਵਿਰੋਧ ਕਰਨ ਦਾ ਫੈਸਲਾ ਖਾਪ ਪੰਚਾਇਤਾਂ ਲੈ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਦੀ ਕੋਈ ਜਾਤ ਨਹੀਂ ਹੁੰਦੀ, ਹਰ ਜਾਤੀ ਦੇ ਲੋਕ ਖੇਤੀ ਕਰਦੇ ਹਨ। ਇਸ ਲਈ ਇਹ ਅੰਦੋਲਨ ਸਾਰੀ ਜਾਤਾਂ ਦਾ ਹੈ। ਇਸ ਮੌਕੇ ਉੱਤੇ ਸਿਕਿਮ ਸਫਾਖੇੜੀ, ਕੈਪਟਨ ਭੁਪਿੰਦਰ, ਅਨੀਸ਼, ਨਰੇਸ਼, ਲੀਲੂ ਹਰੀਕੇਸ, ਰਾਜਬਾਲਾ, ਕਮਲਾ, ਕਵਿਤਾ, ਵਿਜਿੰਦਰ ਅਤੇ ਜੈ ਪ੍ਰਕਾਸ਼ ਹਾਜ਼ਰ ਸਨ।