ਪੱਤਰ ਪ੍ਰੇਰਕ
ਰਤੀਆ, 26 ਜੁਲਾਈ
ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਰਤੀਆ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਗਰਗ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੂਰੇ ਸੂਬੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੂਬੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਥੋਂ ਤੱਕ ਕਿ ਸੂਬੇ ਦੇ ਵਿਧਾਇਕਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਅਸਤੀਫਾ ਦੇਣ ਦੀ ਪੇਸਕਸ਼ ਕਰਨੀ ਪੈ ਰਹੀ ਹੈ। ਉਨ੍ਹਾਂ ਨੇ ਸੂਬਾ ਕਾਂਗਰਸ ਦੀ ਧੜੇਬੰਦੀ ਨੂੰ ਲੈ ਕੇ ਕੀਤੇ ਸਵਾਲ ਦੇ ਜਵਾਬ ’ਚ ਕਿਹਾ ਕਿ ਆਪਸ ਵਿੱਚ ਕਈ ਗੱਲਾਂ ਨੂੰ ਲੈ ਕੇ ਗੱਲਬਾਤ ਹੁੰਦੀ ਰਹਿੰਦੀ ਹੈ ਪਰ ਸਭਨਾਂ ਦਾ ਇਕੋ ਟੀਚਾ ਹੈ ਕਿ ਸੂਬੇ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਕੁਲਦੀਪ ਬਿਸ਼ਨੋਈ ਦੀ ਕਾਂਗਰਸ ਤੋ ਦੂਰੀ ਦੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਵਿਅਕਤੀ ਤੋਂ ਵੱਡੀ ਪਾਰਟੀ ਹੁੰਦੀ ਹੈ। ਕਾਂਗਰਸ ਦੀ ਨਵੀਂ ਕਮੇਟੀ ਦੇ ਗਠਨ ਬਾਰੇ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਵਿੱਚ ਇਹੀ ਘਾਟ ਹੈ, ਜਦੋਂ ਪੂਰੀ ਹੋ ਜਾਵੇਗੀ ਤਾਂ ਕਾਂਗਰਸ ਪਾਰਟੀ ਹੋਰ ਮਜ਼ਬੂਤ ਬਣ ’ਕੇ ਉਭਰੇਗੀ। ਇਸ ਮੌਕੇ ਉਨ੍ਹਾਂ ਨਾਲ ਬਲਵਾਲ ਦੌਲਤਪੁਰੀਆ, ਸੂਬਾਈ ਬੁਲਾਰੇ ਅਮਰਦੀਪ ਬਰਾੜ, ਮੰਗਤ ਰਾਮ ਲਾਲਵਾਸ, ਸੋਨੂੰ ਗਰੋਵਰ ਆਦਿ ਕਾਂਗਰਸੀ ਆਗੂ ਮੌਜੂਦ ਸਨ।