ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਅਪਰੈਲ
ਹਰਿਆਣਾ ਸ਼ੂਗਰ ਫੈਡ ਦੇ ਚੇਅਰਮੈਨ ਤੇ ਸਥਾਨਕ ਵਿਧਾਇਕ ਰਾਮ ਕਰਨ ਕਾਲਾ ਨੇ ਕਿਸਾਨਾਂ ਦਾ ਪੱਖ ਲੈਂਦਿਆਂ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਅੰਦੋਲਨਕਾਰੀ ਕਿਸਾਨਾਂ ਨੂੰ ਘਰ ਭੇਜਿਆ ਜਾਵੇ ਅਤੇ ਉਨ੍ਹਾਂ ’ਤੇ ਕਿਸੇ ਤਰ੍ਹਾਂ ਦੀ ਸਖ਼ਤੀ ਨਾ ਕੀਤੀ ਜਾਵੇ। ਰਾਮ ਕਰਨ ਕਾਲਾ ਸਥਾਨਕ ਅਰਾਮ ਘਰ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਕੇਂਦਰ ਸਰਕਾਰ ਨੂੰ ਸਿਫਾਰਸ਼ ਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਾਈਆਂ ਜਾਣ ਤਾਂ ਜੋ ਕੋਈ ਵੀ ਕਿਸਾਨ ਕਰੋਨਾ ਮਹਾਮਾਰੀ ਦੀ ਚਪੇਟ ਵਿਚ ਨਾ ਆਏ। ਵਿਧਾਇਕ ਕਾਲਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦਿਨ ਬ-ਦਿਨ ਪੈਰ ਪਸਾਰ ਰਹੀ ਹੈ । ਅਜਿਹੇ ਵਿਚ ਕਿਸਾਨਾਂ ਨੂੰ ਵੀ ਇਸ ਤੋਂ ਸੁਰਖਿਅਤ ਰੱਖਣਾ ਸਰਕਾਰ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸ਼ਾਹਬਾਦ ਵਿਚ ਹਰ ਹਾਲਾਤ ਵਿਚ ਨਿਪਟਣ ਲਈ ਰਣਨੀਤੀ ਬਣਾਈ ਗਈ ਹੈ ਤੇ ਡੀ ਸੀ ਤੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਬਣੀ ਨਵੀਂ ਬਿਲਡਿੰਗ ਨੂੰ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਇਸ ਵਿਚ ਹੋਰ ਡਾਕਟਰਾਂ ਦੀ ਵਿਵਸਥਾ ਕੀਤੀ ਜਾਏਗੀ। ਉਨ੍ਹਾਂ ਨੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਰੋਨਾ ਕਾਲ ਵਿਚ ਆਪਣਾ ਪੂਰਾ ਸਹਿਯੋਗ ਦੇਣ। ਵਿਧਾਇਕ ਕਾਲਾ ਨੇ ਕਿਹਾ ਕਿ ਉਹ ਸਰਕਾਰ ਨੂੰ ਸ਼ਾਮ 6 ਵਜੇ ਠੇਕੇ ਬੰਦ ਕਰਨ ਦੀ ਸਿਫਾਰਸ਼ ਕਰਨਗੇ। ਇਸ ਮੌਕੇ ਹਲਕਾ ਪ੍ਰਧਾਨ ਜਗਬੀਰ ਸਿੰਘ ਮੋਹੜੀ, ਪ੍ਰਭਜੀਤ ਸਿੰਘ ਆਦਿ ਤੋਂ ਇਲਾਵਾ ਜਜਪਾ ਕਾਰਕੁਨ ਮੌਜੂਦ ਸਨ।