ਪੱਤਰ ਪ੍ਰੇਰਕ
ਰਤੀਆ, 7 ਸਤੰਬਰ
ਇੱਥੇ ਅੱਜ ਵਿਧਾਇਕ ਲੱਛਮਣ ਨਾਪਾ ਨੇ ਬੀਡੀਪੀਓ ਦਫ਼ਤਰ ਦੀ ਨਵੀਂ ਇਮਾਰਤ ਵਿੱਚ ਹੋਏ ਹਵਨ ਯੱਗ ਵਿੱਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ ਅਤੇ ਬੀਡੀਪੀਓ ਸੰਦੀਪ ਭਾਰਦਵਾਜ ਨਾਲ ਮਿਲ ਕੇ ਦਫ਼ਤਰ ਦਾ ਸ਼ੁਭ ਆਰੰਭ ਕਰਦਿਆਂ ਦਫ਼ਤਰ ਦੀ ਨਵੀਂ ਇਮਾਰਤ ਦਾ ਨਿਰੀਖਣ ਵੀ ਕੀਤਾ। ਵਿਧਾਇਕ ਨੇ ਅਧਿਕਾਰੀਆਂ ਕੋਲੋਂ ਇਮਾਰਤ ਵਿੱਚ ਬਣੇ ਮੀਟਿੰਗ ਹਾਲ ਅਤੇ ਕਮਰਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਦੀ ਨਵੀਂ ਇਮਾਰਤ 1.75 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ 4 ਸਤੰਬਰ ਨੂੰ ਜ਼ਿਲ੍ਹੇ ਵਿੱਚ ਕਰੋੜਾਂ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਸੀ ਅਤੇ ਨੀਂਹ ਪੱਥਰ ਰੱਖੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਰਤੀਆ ਇਲਾਕੇ ਨੂੰ ਉਪ ਮੰਡਲ ਸਕੱਤਰੇਤ ਅਤੇ ਬੀਡੀਪੀਓ ਦਫ਼ਤਰ ਦੀ ਨਵੀਂ ਇਮਾਰਤ ਸਮੇਤ ਵੱਖ ਵੱਖ ਪਿੰਡਾਂ ਵਿੱਚ 33 ਕੇ.ਵੀ ਸਬ ਸਟੇਸ਼ਨਾਂ ਦੀ ਸੌਗਾਤ ਦਿੱਤੀ ਸੀ। ਵਿਧਾਇਕ ਲਛਮਣ ਨਾਪਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਰੇ ਹਲਕਿਆਂ ਵਿੱਚ ‘ਸਭ ਦਾ ਸਾਥ, ਸਭ ਦਾ ਵਿਕਾਸ’ ਭਾਵਨਾ ਨਾਲ ਵਿਕਾਸ ਕੰਮ ਕੀਤੇ ਹਨ। ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਵਿਕਾਸ ਨੂੰ ਵੀ ਰਫ਼ਤਾਰ ਦਿੱਤੀ ਜਾ ਰਹੀ ਹੈ।
ਇਸ ਦੌਰਾਨ ਵਿਧਾਇਕ ਲੱਛਮਣ ਨਾਪਾ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਪਹਿਲ ਦੇ ਆਧਾਰ ’ਤੇ ਇਨ੍ਹਾਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਸੰਦੀਪ ਭਾਰਦਵਾਜ, ਨਗਰ ਪਰਿਸ਼ਦ ਦੇ ਵਾਈਸ ਚੇਅਰਮੈਨ ਜੋਗਿੰਦਰ ਕੁਮਾਰ, ਗ੍ਰਾਮੀਣ ਮੰਡਲ ਦੇ ਪ੍ਰਧਾਨ ਕੇਵਲ ਮਹਿਤਾ, ਸਾਬਕਾ ਚੇਅਰਮੈਨ ਸ਼ਾਮ ਕੰਬੋਜ ਆਦਿ ਵੀ ਹਾਜ਼ਰ ਸਨ।