ਪੱਤਰ ਪ੍ਰੇਰਕ
ਏਲਨਾਬਾਦ, 12 ਅਪਰੈਲ
ਇੱਥੋਂ ਦੇ ਪਿੰਡ ਰਿਸਾਲੀਆ ਖੇੜਾ ਦੀ ਲਾਪਤਾ ਵਿਦਿਆਰਥਣ ਦੀ ਲਾਸ਼ ਅੱਜ ਤਿੰਨ ਦਿਨ ਬਾਅਦ ਹਨੂੰਮਾਨਗੜ੍ਹ (ਰਾਜਸਥਾਨ) ਦੇ ਲੱਖੂਵਾਲੀ ਹੈੱਡ ਤੋਂ ਬਰਾਮਦ ਹੋਈ ਹੈ। 21 ਸਾਲਾ ਮ੍ਰਿਤਕ ਵਿਦਿਆਰਥਣ ਏਲਨਾਬਾਦ ਦੇ ਆਰਆਰ ਮੈਮੋਰੀਅਲ ਕਾਲਜ ’ਚ ਜੇਬੀਟੀ ਕਰ ਰਹੀ ਸੀ। ਉਹ ਸੱਤ ਅਪਰੈਲ ਨੂੰ ਸਵੇਰੇ ਨੌ ਵਜੇ ਘਰ ਤੋਂ ਕਾਲਜ ਆਈ ਸੀ ਪਰ ਵਾਪਸ ਨਹੀਂ ਪਰਤੀ। ਜਦੋਂਕਿ ਉਹ ਕਾਲਜ ਤੋਂ ਸਵੇਰੇ 11 ਵਜੇ ਹੀ ਵਾਪਸ ਚਲੀ ਗਈ ਸੀ। ਅੱਠ ਅਪਰੈਲ ਨੂੰ ਮ੍ਰਿਤਕ ਵਿਦਿਆਰਥਣ ਦੇ ਪਿਤਾ ਵੱਲੋਂ ਗੋਰੀਵਾਲਾ ਪੁਲੀਸ ਚੌਕੀ ’ਚ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ। ਉਸਤੋਂ ਬਾਅਦ ਜਦੋਂ ਵਿਦਿਆਰਥਣ ਦਾ ਪਰਿਵਾਰ ਤਲਾਸ਼ ਲਈ ਮਸੀਤਾਂਵਾਲੀ ਹੈੱਡ (ਹਨੂੰਮਾਨਗੜ੍ਹ) ਪੁੱਜੇ ਤਾਂ ਨਹਿਰ ਦੀ ਪਟੜੀ ’ਤੇ ਉਸਦਾ ਪਿੱਠੂ ਬੈਗ ਮਿਲਿਆ। ਜਿਸ ’ਚ ਰਜਿਸਟਰ, ਮੋਬਾਈਲ ਤੇ ਕੋਲਡ ਡਰਿੰਕਸ ਦੀ ਬੋਤਲ ਮਿਲੀ ਜਦੋਂਕਿ ਬਾਹਰ ਇੱਕ ਜ਼ਹਿਰੀਲੇ ਪਦਾਰਥ ਦਾ ਡੱਬਾ ਮਿਲਿਆ। ਅੱਜ ਸਵੇਰੇ ਲੱਖੂਵਾਲੀ ਹੈੱਡ ਤੋਂ ਇੱਕ ਲੜਕੀ ਦੀ ਲਾਸ਼ ਮਿਲਣ ਦੀ ਸੂਚਨਾ ’ਤੇ ਪਹੁੰਚੇ ਮਾਪਿਆ ਨੇ ਲੜਕੀ ਦੀ ਪਛਾਣ ਆਪਣੀ ਧੀ ਵਜੋਂ ਕੀਤੀ। ਪਿਤਾ ਨੇ ਦੱਸਿਆ ਕਿ ਅਮਨਦੀਪ ਉਰਫ਼ ਅਮਨ ਵਾਸੀ ਰਿਸਾਲੀਆ ਖੇੜਾ 10 ਦਿਨ ਤੋਂ ਲੜਕੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਵਾਰਸਾਂ ਨੇ ਦੱਸਿਆ ਕਿ ਅਮਨਦੀਪ ਨੇ ਪਹਿਲਾਂ ਵੀ ਲੜਕੀ ਨਾਲ ਜਬਰ-ਜਨਾਹ ਕੀਤਾ ਗਿਆ ਤੇ ਫਿਰ ਉਸਨੂੰ ਮਾਰਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ। ਪੁਲੀਸ ਨੇ ਪਿਤਾ ਦੇ ਬਿਆਨ ’ਤੇ ਅਮਨਦੀਪ ਉਰਫ਼ ਅਮਨ ਵਾਸੀ ਰਿਸਾਲੀਆ ਖੇੜਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।