ਰਤਨ ਸਿੰਘ ਢਿੱਲੋਂ
ਅੰਬਾਲਾ, 1 ਦਸੰਬਰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੀਤੇ ਦਿਨ ਕੈਬਨਿਟ ਮੰਤਰੀ ਅਨਿਲ ਵਿੱਜ ਛਾਉਣੀ ਦੇ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਗਏ। ਇਸ ਮੌਕੇ ਉਨ੍ਹਾਂ ਨੇ ਕਥਿਤ ਤੌਰ ’ਤੇ ਜੁਰਾਬਾਂ ਪਹਿਨੀਆਂ ਹੋਈਆਂ ਸਨ ਜਦੋਂ ਕਿ ਉਨ੍ਹਾਂ ਦਾ ਸੁਰੱਖਿਆ ਗਾਰਡ ਹਥਿਆਰ ਸਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੌਜੂਦ ਰਿਹਾ। ਇਸ ਸਬੰਧੀ ਇਕ ਤਸਵੀਰ ਕੱਲ੍ਹ ਹੀ ਵਾਇਰਲ ਹੋ ਗਈ ਸੀ ਜਿਸ ਵਿਚ ਗੁਰਦੁਆਰਾ ਗੋਬਿੰਦ ਨਗਰ ਕਮੇਟੀ ਦੇ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ ਸ੍ਰੀ ਵਿੱਜ ਨੂੰ ਸਿਰੋਪਾ ਅਤੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਭੇਟ ਕਰ ਰਹੇ ਹਨ। ਇਸ ਮੌਕੇ ਸ੍ਰੀ ਵਿੱਜ ਦੇ ਨਾਲ ਖੜ੍ਹੇ ਸੁਰੱਖਿਆ ਮੁਲਾਜ਼ਮ ਨੇ ਰਿਵਾਲਵਰ ਪਹਿਨਿਆ ਹੋਇਆ ਸੀ। ਇਸ ਗੱਲ ’ਤੇ ਵਿਚਾਰ ਕਰਨ ਲਈ ਅੱਜ ਸਿੱਖ ਸੰਗਤ ਨੇ ਗੁਰਦੁਆਰਾ ਭਾਟ ਬਰਾਦਰੀ ਕੱਚਾ ਬਾਜ਼ਾਰ ਵਿੱਚ ਮੀਟਿੰਗ ਕੀਤੀ ਅਤੇ ਇਸ ਅਵੱਗਿਆ ਦਾ ਗੰਭੀਰ ਨੋਟਿਸ ਲਿਆ। ਸਿੱਖ ਸੰਗਤ ਨੇ ਮਰਿਆਣਾ ਭੰਗ ਕਰਨ ਲਈ ਗੁਰਦੁਆਰਾ ਗੋਬਿੰਦ ਨਗਰ ਤੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਦੇ ਪ੍ਰਬੰਧਕਾਂ ਨੂੰ ਇਕ ਹਫ਼ਤੇ ਦੇ ਅੰਦਰ ਮੁਆਫ਼ੀ ਮੰਗਣ ਲਈ ਕਿਹਾ ਹੈ।
ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਮਛੌਂਡਾ ਨੇ ਕਿਹਾ ਕਿ ਮਰਿਆਦਾ ਭੰਗ ਹੋਣ ਵਿਚ ਮੰਤਰੀ ਵਿੱਜ ਦਾ ਕੋਈ ਕਸੂਰ ਨਹੀਂ ਬਲਕਿ ਇਸ ਲਈ ਪ੍ਰਬੰਧਕ ਜਿੰਮੇਵਾਰ ਹਨ। ਗੁਰੂ ਮਹਾਰਾਜ ਦੀ ਹਾਜ਼ਰੀ ਵਿਚ ਹਥਿਆਰ ਲੈ ਕੇ ਜਾਣਾ ਬੇਅਦਬੀ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੰਤਰੀ ਮੱਥਾ ਟੇਕ ਕੇ ਵਾਪਸ ਮੁੜ ਗਏ ਤਾਂ ਇਕ ਪ੍ਰਬੰਧਕ ਉਨ੍ਹਾਂ ਦੇ ਪਿੱਛੇ ਭੱਜਿਆ ਅਤੇ ਗੁਰੂ ਮਹਾਰਾਜ ਦੇ ਸ਼ਸਤਰਾਂ ਵਿਚੋਂ ਹੀ ਕਿਰਪਾਨ ਚੁੱਕ ਕੇ ਉਨ੍ਹਾਂ ਨੂੰ ਭੇਟ ਕਰ ਆਇਆ। ਉਨ੍ਹਾਂ ਕਿਹਾ ਕਿ ਸਾਰੇ ਗੁਰੂਘਰ ਹਰ ਵਿਅਕਤੀ ਲਈ ਖੁੱਲ੍ਹੇ ਹਨ ਪਰ ਮਰਿਆਦਾ ਦੀ ਪਾਲਣਾ ਕਰਨਾ ਸਭ ਤੋਂ ਉੱਤੇ ਹੈ। ਉਨ੍ਹਾਂ ਕਿਹਾ ਕਿ ਮਰਿਆਦਾ ਭੰਗ ਹੋਣ ਲਈ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ ਜਿੰਮੇਵਾਰ ਹਨ ਜਿਸ ਲਈ ਉਨ੍ਹਾਂ ਨੂੰ ਇਕ ਹਫ਼ਤੇ ਦੇ ਅੰਦਰ ਮੁਆਫ਼ੀ ਮੰਗਣੀ ਹੋਵੇਗੀ। ਜੇ ਉਹ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਖ਼ਿਲਾਫ਼ ਧਾਰਾ 295 ਤਹਿਤ ਕੇਸ ਵੀ ਦਰਜ ਕਰਵਾਇਆ ਜਾ ਸਕਦਾ ਹੈ। ਇਸੇ ਦੌਰਾਨ ਇਨੈਲੋ ਦੇ ਬੁਲਾਰੇ ਉਂਕਾਰ ਸਿੰਘ ਨੇ ਕਿਹਾ ਕਿ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਜੁਰਾਬਾਂ ਪਹਿਨ ਕੇ ਅਤੇ ਉਸ ਦੇ ਸੁਰੱਖਿਆ ਗਾਰਡ ਦਾ ਗੁਰਦੁਆਰੇ ਵਿੱਚ ਅਸਲਾ ਲੈ ਕੇ ਜਾਣਾ ਨਿੰਦਣਯੋਗ ਹੈ।
ਗੁਰਦੁਆਰਾ ਗੋਬਿੰਦ ਨਗਰ ਦੇ ਪ੍ਰਧਾਨ ਵੱਲੋਂ ਸਪੱਸ਼ਟੀਕਰਨ
ਗੁਰਦੁਆਰਾ ਗੋਬਿੰਦ ਨਗਰ ਦੇ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ ਨੇ ਕਿਹਾ ਕਿ ਕੈਬਨਿਟ ਮੰਤਰੀ ਅਨਿਲ ਵਿੱਜ ਦਾ ਆਪਰੇਸ਼ਨ ਹੋ ਚੁੱਕਾ ਹੈ। ਉਨ੍ਹਾਂ ਨੇ ਪੂਰਾ ਝੁੱਕ ਕੇ ਮੱਥਾ ਟੇਕਣਾ ਸੀ। ਇਸ ਲਈ ਬਾਹਾਂ ਤੋਂ ਫੜ ਕੇ ਉਠਾਣ ਲਈ ਉਨ੍ਹਾਂ ਦੇ ਨਾਲ ਦੋ ਸਿੱਖ ਸੁਰੱਖਿਆ ਗਾਰਡ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਸਨ ਜਦੋਂ ਕਿ ਬਾਕੀ ਸੁਰੱਖਿਆ ਗਾਰਡ ਬਾਹਰ ਹੀ ਖੜ੍ਹੇ ਸਨ।