ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਮਾਰਚ
ਕੁਰੂਕਸ਼ੇਤਰ ਦੇ ਸੰਸਦ ਨਾਇਬ ਸਿੰਘ ਸੈਣੀ ਤੇ ਵਿਧਾਇਕ ਸੁਭਾਸ਼ ਸੁਧਾ ਨੇ ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਨਾਲ ਮਨ ਦੀਆਂ ਗੱਲਾਂ ਸਾਝੀਆਂ ਕੀਤੀਆਂ। ਇਸ ਦੌਰਾਨ ਵਿਦਿਆਰਥੀਆਂ ਨੇ ਹੱਡਬੀਤੀ ਸੁਣਾਈ ਤੇ ਸਰਕਾਰ ਦੇ ਯਤਨਾਂ ਬਾਰੇ ਚਰਚਾ ਕੀਤੀ। ਵਿਦਿਆਰਥੀ ਸਤਿਅਮ, ਪਿਊਸ਼ ਤੇ ਵਿਦਿਆਰਥਣ ਅਦਿੱਤੀ ਨਾਲ ਉਨ੍ਹਾਂ ਅੱਜ ਗੱਲਬਾਤ ਕੀਤੀ। ਗੱਲਬਾਤ ਦੌਰਾਨ ਯੂਕਰੇਨ ਤੋਂ ਆਏ ਵਿਦਿਆਰਥੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਦੇਸ਼ ਦੀ ਵੰਡ ਵੇਲੇ 1947 ਵਿਚ ਉਨ੍ਹਾਂ ਦੇ ਵਡੇਰਿਆਂ ਨੇ ਦੁਖ ਝੱਲਿਆ ਸੀ ਉਸੇ ਤਰ੍ਹਾਂ ਉਨ੍ਹਾਂ ਨੂੰ ਯੂਕਰੇਨ-ਰੂਸ ਯੁੱਧ ਦੌਰਾਨ ਝੱਲਣਾ ਪਿਆ। ਉਨਾਂ ਦੱਸਿਆ ਕਿ ਇੱਕ ਮਾਰਚ ਨੂੰ ਬੰਕਰ ਤੋਂ ਨਿਕਲਣ ਤੋਂ ਬਾਅਦ ਉਹ ਰੇਲਵੇ ਸਟੇਸ਼ਨ ਪੁਜੇ ਤੇ ਰੇਲ ਰਾਹੀਂ ਬਾਰਡਰ ਤੱਕ ਦਾ ਸਫਰ ਤੈਅ ਕੀਤਾ। ਜੇ ਸਟੇਸ਼ਨ ’ਤੇ ਪੁੱਜਣ ਵਿਚ ਥੋੜ੍ਹੀ ਜਿਹੀ ਦੇਰ ਹੋ ਜਾਂਦੀ ਤਾਂ ਉਹ ਹੁਣ ਤਕ ਘਰ ਵਾਪਸ ਨਹੀਂ ਆ ਸਕਦੇ ਸਨ। ਸੰਸਦ ਸੈਣੀ ਨੇ ਕਿਹਾ ਕਿ ਜ਼ਿਲ੍ਹੇ ਦੇ ਕਰੀਬ 100 ਵਿਦਿਆਰਥੀਆਂ ਨੂੰ ਸੁਰਖਿਅਤ ਲਿਆਂਦਾ ਜਾ ਚੁੱਕਾ ਹੈ ਤੇ ਜੋ ਵਿਦਿਆਰਥੀ ਅਜੇ ਵੀ ਯੂਕਰੇਨ ਵਿਚ ਫਸੇ ਹੋਏ ਹਨ ਉਨ੍ਹਾਂ ਨੂੰ ਵੀ ਛੇਤੀ ਵਾਪਸ ਲਿਆਂਦਾ ਜਾਏਗਾ।