ਨਿੱਜੀ ਪੱਤਰ ਪ੍ਰੇਰਕ
ਸਿਰਸਾ, 30 ਅਪਰੈਲ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਚਲਾਏ ਗਏ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਮੁੜ ਸੰਘਰਸ਼ ਦੇ ਰਾਹ ਤੁਰਨ ਦੇ ਰੌਂਅ ’ਚ ਹਨ। ਇਸ ਲਈ ਕਿਸਾਨਾਂ ਆਗੂਆਂ ਵੱਲੋਂ ਪਿੰਡ-ਪਿੰਡ ਕਿਸਾਨਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਭਾਰਤੀ ਕਿਸਾਨ ਏਕਤਾ ਦੇ ਆਗੂਆਂ ਵੱਲੋਂ ਦਰਜਨ ਤੋਂ ਵੱਧ ਪਿੰਡਾਂ ’ਚ ਮੀਟਿੰਗਾਂ ਤੇ ਨੁੱਕੜ ਸਭਾਵਾਂ ਕੀਤੀਆਂ ਗਈਆਂ। ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਤੇ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨਾਂ ਨੂੰ ਇੱਕਜੁੱਟ ਕਰਨ ਲਈ ਪਿੰਡ ਸੰਤਨਗਰ, ਨਕੌੜਾ, ਹਰੀਪੁਰਾ, ਜਗਜੀਤਨਗਰ ਤੇ ਦਮਦਮਾ ਤੋਂ ਇਲਾਵਾ ਰਘੂਆਣਾ, ਸਾਹੂਵਾਲਾ ਫਸਟ, ਪੰਜੂਆਣਾ ਅਤੇ ਆਨੰਦਗੜ੍ਹ ਸਮੇਤ ਦਰਜਨ ਤੋਂ ਵੱਧ ਪਿੰਡਾਂ ਵਿੱਚ ਕਿਸਾਨਾਂ ਦੀਆਂ ਮੀਟਿੰਗਾਂ ਤੇ ਨੁੱਕੜ ਸਭਾਵਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ’ਤੇ ਦਰਜ ਕੇਸ ਰੱਦ ਕਰਵਾਉਣ ਤੋਂ ਇਲਾਵਾ ਬਿਜਲੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਹ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਸਬੰਧੀ 2 ਮਈ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਕਿਸਾਨਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਵਿੱਚ ਅਗਲੇ ਅੰਦੋਲਨ ਦੀ ਰਣਨੀਤੀ ਬਣਾਈ ਜਾਵੇਗੀ। ਇਸ ਮੌਕੇ ਮਨਜੀਤ ਸਿੰਘ ਸਿੱਧੂ, ਗੁਰਮੀਤ ਸਿੰਘ ਢਿੱਲੋਂ, ਪਰਗਟ ਸਿੰਘ ਨਕੌੜਾ ਅਤੇ ਮੇਜਰ ਸਿੰਘ ਸਮੇਤ ਕਈ ਕਿਸਾਨ ਮੌਜੂਦ ਸਨ।