ਪੱਤਰ ਪ੍ਰੇਰਕ
ਰਤੀਆ, 21 ਜੁਲਾਈ
ਨਗਰਪਾਲਿਕਾ ਦੀ ਚੇਅਰਪਰਸਨ ਪ੍ਰੀਤੀ ਖੰਨਾ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਸਾਰੇ ਕੌਂਸਲਰਾਂ ਦੀ ਅੱਜ ਮੀਟਿੰਗ ਹੋਈ। ਇਸ ਮੌਕੇ ਸਾਰੇ ਕੌਂਸਲਰਾਂ ਨੇ ਇਕ ਦੂਸਰੇ ਨਾਲ ਜਾਣ ਪਛਾਣ ਕਰਨ ਮਗਰੋਂ ਨਗਰਪਾਲਿਕਾ ਕਰਮਚਾਰੀਆਂ ਨਾਲ ਵੀ ਜਾਣ ਪਛਾਣ ਕੀਤੀ। ਇਸ ਮੀਟਿੰਗ ਵਿਚ ਨਗਰਪਾਲਿਕਾ ਦੇ ਸਕੱਤਰ ਪੰਕਜ ਗੁਰਜਰ, ਐੱਮਈ ਸੁਮੇਰ ਸਿੰਘ, ਜੇਈ ਸੰਦੀਪ ਕੁਮਾਰ, ਲਿਪਿਕ ਕੁਲਦੀਪ ਸਿੰਘ, ਬਲਜੀਤ ਸਿੰਘ ਸਮੇਤ ਨਗਰਪਾਲਿਕਾ ਦੇ ਸਾਰੇ ਕਰਮਚਾਰੀਆਂ ਦੀ ਜਾਣ ਪਛਾਣ ਕਰਵਾਈ ਗਈ। ਇਸ ਮੌਕੇ ਚੇਅਰਪਰਸਨ ਪ੍ਰਤੀਨਿਧੀ ਮਹੇਸ਼ ਖੰਨਾ ਕਾਲੂ ਨੇ ਜਿੱਥੇ ਸਾਰੇ ਕੌਂਸਲਰਾਂ ਨਾਲ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਇਕਜੁਟਤਾ ਨਾਲ ਕੰਮ ਕਰਨ ਦਾ ਪ੍ਰਣ ਦੁਹਰਾਇਆ ਉਥੇ ਉਨ੍ਹਾਂ ਨਗਰਪਾਲਿਕਾ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਸਵਾਰਥ ਭਾਵਨਾ ਨਾਲ ਕੰਮ ਕਰਨ ਦਾ ਵੀ ਸੰਦੇਸ਼ ਦਿੱਤਾ। ਉਨ੍ਹਾਂ ਸਪੱਸ਼ਟ ਤੌਰ ’ਤੇ ਚਿਤਾਵਨੀ ਦਿੰਦੇ ਕਿਹਾ ਕਿ ਜੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੇ ਨਗਰਪਾਲਿਕਾ ਦੇ ਕੰਮ ਲਈ ਕਿਸੇ ਵੀ ਵਿਅਕਤੀ ਤੋਂ ਪੈਸਿਆਂ ਦੀ ਮੰਗ ਕੀਤੀ ਜਾਂ ਪੈਸੇ ਦੇ ਅਧਾਰ ’ਤੇ ਕੰਮ ਕੀਤਾ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੀਟਿੰਗ ਵਿਚ ਸ਼ਾਮਲ ਹੋਏ 5ਵੀਂ ਵਾਰ ਬਣੇ ਕੌਂਸਲਰ ਕਾ. ਅਜਮੇਰ ਸਿੰਘ ਨੇ ਸ਼ਹਿਰ ਦੇ ਵਿਕਾਸ ਕੰਮ ਦੀ ਸੂਚੀ ਪ੍ਰਧਾਨ ਅਤੇ ਸਕੱਤਰ ਨੂੰ ਸੌਂਪਦੇ ਕਿਹਾ ਕਿ ਜਲਦੀ ਹੀ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਸਮੂਹਿਕ ਮੀਟਿੰਗ ਬੁਲਾਉਣ ਤਾਂ ਕਿ ਭਵਿੱਖ ਵਿਚ ਇਨ੍ਹਾਂ ਕੰਮਾਂ ਨੂੰ ਕੀਤਾ ਜਾ ਸਕੇ। ਮੀਟਿੰਗ ਦਾ ਆਰੰਭ ਨਗਰਪਾਲਿਕਾ ਦੇ ਲਿਪਿਕ ਬਲਜੀਤ ਸਿੰਘ ਨੇ ਕੀਤਾ। ਇਸ ਮੌਕੇ ਕੌਂਸਲਰ ਸੁਮਨ ਰਾਣੀ, ਰੇਖਾ ਰਾਣੀ ਸ਼ਰਮਾ, ਕਾ. ਅਜਮੇਰ ਸਿੰਘ, ਵੀਰਪਾਲ ਕੌਰ ਹਾਜ਼ਰ ਸਨ।