ਪੱਤਰ ਪ੍ਰੇਰਕ
ਯਮੁਨਾਨਗਰ, 1 ਮਈ
ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਸਰਵ ਕਰਮਚਾਰੀ ਸੰਘ ਸਮੇਤ ਜਨਤਕ ਜੱਥੇਬੰਦੀਆਂ, ਕਿਸਾਨ ਸਭਾ ਅਤੇ ਹੋਰ ਵੱਖ ਵੱਖ ਮਜ਼ਦੂਰ ਸੰਗਠਨਾਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਹੁਨਰ ਰੁਜ਼ਗਾਰ ਨਿਗਮ ਨੂੰ ਭੰਗ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨ, ਠੇਕੇ ’ਤੇ ਰੱਖੇ ਕਾਮਿਆਂ ਨੂੰ ਪੱਕਾ ਕਰਨਾ, ਲੱਖਾਂ ਖਾਲੀ ਅਸਾਮੀਆਂ ਨੂੰ ਭਰਨਾ, ਮਜ਼ਦੂਰਾਂ ਨਾਲ ਜੁੜੇ ਜਮਹੂਰੀ ਤੇ ਸੰਵਿਧਾਨਕ ਹੱਕਾਂ ਦੀ ਰਾਖੀ ਅਤੇ ਧਰਮ ਨਿਰਪੱਖਤਾ ਮੁੱਖ ਰੂਪ ਵਿੱਚ ਸ਼ਾਮਲ ਸਨ। ਆਪਣੀਆਂ ਮੰਗਾ ਨੂੰ ਲੈ ਕੇ ਸੇਵਾਮੁਕਤ ਕਰਮਚਾਰੀ ਸੰਘ ਦੇ ਮੈਂਬਰ, ਕਿਸਾਨ ਸਭਾ ਅਤੇ ਹੋਰ ਜਨਤਕ ਜਥੇਬੰਦੀਆਂ ਸਵੇਰੇ ਦੁਸ਼ਹਿਰਾ ਗਰਾਊਂਡ ਮਾਡਲ ਟਾਊਨ ਵਿੱਚ ਇਕੱਠੀਆਂ ਹੋਈਆਂ ਅਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਬਾਅਦ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਬੈਨਰਾਂ, ਝੰਡਿਆਂ ਅਤੇ ਤਖ਼ਤੀਆਂ ਨਾਲ ਸ਼ਹਿਰ ਵਿੱਚ ਰੈਲੀ ਕੱਢੀ।
ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦਾ, ਸੀਟੂ ਦੀ ਜ਼ਿਲ੍ਹਾ ਸਕੱਤਰ ਸ਼ਰਬਤੀ, ਸੇਵਾਮੁਕਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਮਨਾਥ ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਅਤੇ ਸਟੇਜ ਸਕੱਤਰ ਦੀ ਸੇਵਾ ਸੰਭਾਲੀ। ਸਰਵ ਕਰਮਚਾਰੀ ਸੰਘ ਦੇ ਸੂਬਾ ਜਨਰਲ ਸਕੱਤਰ ਸਤੀਸ਼ ਸੇਠੀ ਅਤੇ ਰਿਟਾਇਰਡ ਯੂਨੀਅਨ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਸਾਂਗਵਾਨ ਨੇ ਮਜ਼ਦੂਰ ਦਿਵਸ ਪ੍ਰੋਗਰਾਮ ਵਿੱਚ ਸ਼ਾਮਲ ਮਜ਼ਦੂਰਾਂ ਨੂੰ ਮੁੱਖ ਬੁਲਾਰਿਆਂ ਵਜੋਂ ਕੌਮਾਂਤਰੀ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਮਾਂਗੇ ਰਾਮ ਤਿਗੜਾ, ਜਰਨੈਲ ਸਿੰਘ ਚਨਾਲੀਆ, ਸੀਟੂ ਦੇ ਖਜ਼ਾਨਚੀ ਰਾਮ ਕੁਮਾਰ ਕੰਬੋਜ, ਜੋਤ ਸਿੰਘ, ਸ਼ਮਸ਼ੇਰ ਸਿੰਘ ਨੈਨ ਨੇ ਦੱਸਿਆ ਕਿ ਹਰਿਆਣਾ ਸਰਕਾਰ ਸਾਰੇ ਵਿਭਾਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਉਨ੍ਹਾਂ ਨੂੰ ਹੁਨਰ ਰੁਜ਼ਗਾਰ ਨਿਗਮ ਵਿੱਚ ਸ਼ਾਮਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ 2014 ਵਿੱਚ ਸਰਕਾਰੀ ਵਿਭਾਗਾਂ ਵਿੱਚੋਂ ਠੇਕਾ ਪ੍ਰਥਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਹਰਿਆਣਾ ਵਿੱਚ ਠੇਕਾ ਪ੍ਰਣਾਲੀ ਪੱਕੇ ਤੌਰ ਤੇ ਲਾਗੂ ਕਰ ਦਿੱਤੀ ਗਈ ਹੈ ਅਤੇ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਸਵੀਕਾਰ ਕੀਤਾ ਜਾਵੇ ਨਹੀਂ ਤਾਂ ਅੰਦੋਲਨ ਦੇ ਅਗਲੇ ਪੜਾਅ ਵਿੱਚ 28 ਮਈ ਨੂੰ ਸਾਰੇ ਵਿਭਾਗਾਂ ਦੇ ਕਰਮਚਾਰੀ ਅਤੇ ਪ੍ਰਾਜੈਕਟ ਵਰਕਰ ਵੱਡੇ ਪੱਧਰ ’ਤੇ ਹੈੱਡਕੁਆਟਰਾਂ ਉਤੇ ਪ੍ਰਦਰਸ਼ਨ ਕਰਨਗੇ।
ਮਜ਼ਦੂਰਾਂ ਨੂੰ ਸਨਮਾਨਿਤ ਕੀਤਾ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਪਿੰਡ ਡੰਗਾਲੀ ਵਿੱਚ ਸੀਕਰੀ ਫਾਰਮ ਦੇ ਸੰਸਥਾਪਕ ਤੇ ਐੱਮਡੀ ਕਰਨ ਸੀਕਰੀ ਨੇ ਆਪਣੇ ਫਾਰਮ ਮਜ਼ਦੂਰ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ। ਉਨ੍ਹਾਂ ਕਿਹਾ ਕਿ ਉਦਯੋਗਿਕ ਇਕਾਈਆਂ, ਸੰਸਥਾਵਾਂ, ਕਾਰਖਾਨੇ ਆਦਿ ਮਜ਼ਦੂਰਾਂ ਦੀ ਬਦੌਲਤ ਨਵੀਆਂ ਬੁਲੰਦੀਆਂ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਸੀਕਰੀ ਫਾਰਮ ਵਿਚ ਸਾਰੇ ਕਰਮਚਾਰੀ ਮਜ਼ਦੂਰ ਨਹੀਂ ਬਲਕਿ ਉਹ ਇਕ ਪਰਿਵਾਰ ਹੈ ਤੇ ਉਹ ਸਦਾ ਉਨ੍ਹਾਂ ਦੇ ਨਾਲ ਹਨ। ਫਾਰਮ ਦੇ ਸਾਰੇ ਕਰਮਚਾਰੀਆਂਨੂੰ ਸਨਮਾਨਿਤ ਕੀਤਾ ਗਿਆ।