ਸਿਰਸਾ: ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੀ ਲੜੀ ਵਿੱਚ ਕੀਤੇ ਜਾ ਰਹੇ ਕੌਮਾਂਤਰੀ ਯੋਗ ਦਿਵਸ ਦੇ ਪ੍ਰਤੀ ਆਮ ਲੋਕਾਂ ਨੂੰ ਜੋੜਣ ਤੇ ਜਾਗਰੂਕ ਉਦੇਸ਼ ਨਾਲ ਸ਼ਹਿਰ ਵਿੱਚ ਮੈਰਾਥਨ ਕਰਵਾਈ ਗਈ, ਜਿਸ ਨੂੰ ਐੱਸਡੀਐੱਮ ਜੈਵੀਰ ਯਾਦਵ ਨੇ ਬਾਲ ਭਵਨ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥਨ ਦੌੜ ਵਿੱਚ ਸ਼ਹਿਰ ਦੇ ਨੌਜਵਾਨਾਂ ਦੇ ਨਾਲ ਨਾਲ ਹਰ ਵਰਗ ਦੇ ਵਿਅਕਤੀਆਂ ਨੇ ਹਿੱਸਾ ਲਿਆ। ਇਸ ਮੌਕੇ ’ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਡੀਪੀ, ਪੀਟੀਆਈ ਤੇ ਸਕੂਲੀ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ। ਮੈਰਾਥਨ ਦੌੜ ਸ਼ੁਰੂ ਕਰਨ ਤੋਂ ਪਹਿਲਾਂ ਐਸਡੀਐਮ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ ਦਾ ਪ੍ਰੋਗਰਾਮ 21 ਜੂਨ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ