ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਅਗਸਤ
ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਆਂਗਨਵਾੜੀ ਸਰਕਲ ਸੁਪਰਵਾਈਜ਼ਰ ਦੀਪਾ ਦੀ ਅਗਵਾਈ ਵਿਚ ਪਿੰਡ ਕਾਲੀਰਾਣੋ ਦੀ ਆਂਗਣਵਾੜੀ ਕਾਰਕੁਨ ਸਰੋਜ ਨੇ ਪਿੰਡ ਵਿੱਚ ਗਰਭਵਤੀ , ਦੁੱਧ ਪਿਆਉਣ ਵਾਲੀਆਂ ਤੇ ਆਮ ਮਹਿਲਾਵਾਂ , ਬੱਚਿਆਂ ਦੇ ਪਾਲਣ ਪੋਸ਼ਣ ਸਵੱਛਤਾ ਦੇ ਮਹੱਤਵ ਤੇ ਸਿਹਤ ਦੀ ਦੇਖ ਭਾਲ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ। ਮੀਟਿੰਗ ਵਿੱਚ ਮੌਜੂਦ ਮਹਿਲਵਾਂ ਨੂੰ ਪੋਸ਼ਣ ਦੇ ਮਹੱਤਵ, ਸਵੱਛਤਾ, ਹੈਂਡ ਵਾਸ਼ ਤੇ ਸਿਹਤ ਦੀ ਦੇਖ ਭਾਲ ਕਰਨ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਤਾਵਾਂ ਨੂੰ ਬੱਚੇ ਦੇ ਜਨਮ ਮਗਰੋਂ ਆਪਣਾ ਪਹਿਲਾ ਗਾੜਾ ਦੁੱਧ ਜ਼ਰੂਰ ਪਿਆਉਣਾ ਚਾਹੀਦਾ ਹੈ ਕਿਉਂਕਿ ਇਹ ਪਹਿਲਾ ਦੁੱਧ ਬੱਚੇ ਲਈ ਅੰਮ੍ਰਿਤ ਸਾਮਾਨ ਹੁੰਦਾ ਹੈ, ਜੋ ਉਸ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਬੱਚੇ ਨੂੰ ਨਿਯਮਤ ਦੁੱਧ ਪਿਲਾਉਂਦੇ ਰਹਿਣਾ ਚਾਹੀਦਾ ਹੈ, ਇਸ ਨਾਲ ਮਾਂ ਤੇ ਬੱਚੇ ਵਿੱਚ ਭਾਵਨਾਤਮਕ ਰਿਸ਼ਤਾ ਬਣਦਾ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦਾ ਪਹਿਲੇ ਇਕ ਹਜ਼ਾਰ ਦਿਨ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਜਿਸ ਨਾਲ ਬੱਚਿਆਂ ਦੀ ਮੌਤ ਦਰ ਘਟਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਭਾਵੇਂ ਗਰਭਵਤੀ ਹੋਵੇ ਜਾਂ ਦੁੱਧ ਪਿਆਉਂਦੀ ਹੋਵੇ ਸਭ ਨੂੰ ਪੋਸ਼ਟਿਕ ਭੋਜਨ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਹਰੀਆਂ ਸਬਜ਼ੀਆਂ ,ਗੁੜ , ਛੋਲੇ, ਸੋਇਆਬੀਨ ਤੇ ਪੁੰਗਰਦੀਆਂ ਦਾਲਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਆਂਗਨਵਾੜੀ ਵਰਕਰ ਸਰੋਜ, ਸ਼ੰਕੁਤਲਾ, ਪੂਨਮ, ਬੇਬੀ, ਨੀਲਮ ,ਨਿਰਮਲਾ, ਊਸ਼ਾ ਆਦਿ ਤੋਂ ਇਲਾਵਾ ਕਈ ਮਹਿਲਾਵਾਂ ਮੌਜੂਦ ਸਨ।