ਪੱਤਰ ਪ੍ਰੇਰਕ
ਰਤੀਆ, 19 ਫਰਵਰੀ
ਸ਼ਹਿਰ ਦੇ ਟੋਹਾਣਾ ਰੋਡ ’ਤੇ 2 ਗੱਡੀਆਂ ’ਤੇ ਸਵਾਰ ਹੋ ਕੇ ਆਏ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਸ਼ੋਅਰੂਮ ਮਾਲਕ ਉੱਤੇ ਜਾਨਲੇਵਾ ਹਮਲਾ ਕਰਨ ਤੋਂ ਉਸ ਕੋਲੋਂ ਬਾਅਦ ਕਰੀਬ ਢਾਈ ਲੱਖ ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋਣ ਮਾਮਲੇ ’ਚ ਕਾਰਵਾਈ ਸ਼ੁਰੂ ਕੀਤੀ ਹੈ। ਦੇਰ ਰਾਤ ਹਸਪਤਾਲ ਦੇ ਡਾਕਟਰਾਂ ਵੱਲੋਂ ਜ਼ਖ਼ਮੀ ਹੋਏ ਸ਼ੋਅਰੂਮ ਮਾਲਕ ਹਨੀ ਉਰਫ ਪਾਰਸ ਨੂੰ ਅਗਰੋਹਾ ਮੈਡੀਕਲ ਵਿੱਚ ਰੈਫਰ ਕੀਤੇ ਜਾਣ ਉਪਰੰਤ ਉਥੋਂ ਛੁੱਟੀ ਮਿਲਣ ਤੋਂ ਬਾਅਦ ਰਤੀਆ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਜ਼ਖ਼ਮੀ ਵਪਾਰੀ ਵੱਲੋਂ ਅਜੇ ਤੱਕ ਪੁਲੀਸ ਅੱਗੇ ਕੋਈ ਬਿਆਨ ਨਾ ਦਿੱਤੇ ਜਾਣ ਕਾਰਨ ਅਜੇ ਤੱਕ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਉੱਧਰ ਦੂਸਰੇ ਪਾਸੇ ਪੁਲੀਸ ਸੂਤਰਾਂ ਤੋਂ ਪਤਾ ਚੱਲਿਆ ਕਿ ਹਮਲਾਵਰਾਂ ਨੇ ਜੋ ਬਿਨਾਂ ਨੰਬਰ ਦੀ ਕਾਰ ਵਰਤੀ ਗਈ ਸੀ ਉਸ ’ਤੇ ਲਿਖਿਆ ਚੈਸੀ ਨੰਬਰ ਦਿੱਲੀ ਦਾ ਦੱਸਿਆ ਜਾ ਰਿਹਾ ਹੈ ਅਤੇ ਪੁਲੀਸ ਦੇ ਹੱਥ ਇਕ ਮੋਬਾਈਲ ਵੀ ਲੱਗਿਆ ਹੈ। ਹਾਲਾਂਕਿ ਬੀਤੀ ਰਾਤ ਸ਼ੋਅਰੂਮ ਦੇ ਮਾਲਕ ਨੇ ਅਣਪਛਾਤੇ ਹਮਲਾਵਰਾਂ ਉੱਤੇ ਜਾਨਲੇਵਾ ਹਮਲਾ ਕਰਕੇ ਕਰੀਬ ਢਾਈ ਲੱਖ ਰੁਪਏ ਦੀ ਨਗਦੀ ਲੁੱਟਣ ਦਾ ਦੋਸ਼ ਲਗਾਇਆ ਸੀ।
ਪਰ ਪੁਲੀਸ ਅਜੇ ਵੀ ਇਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ ਅਤੇ ਇਸ ਘਟਨਾ ਨੂੰ ਲੁੱਟਖੋਹ ਨਾਲ ਮੰਨਣ ਤੋਂ ਇਨਕਾਰ ਕਰ ਰਹੀ ਹੈ। ਦੱਸਣਯੋਗ ਹੈ ਕਿ ਬੀਤੀ ਰਾਤ ਕਰੀਬ 8 ਵਜੇ ਜਦੋਂ ਟੀਐੱਸ ਇਲੈਕਟ੍ਰਾਨਿਕ ਸ਼ੋਅਰੂਮ ਦੇ ਮਾਲਕ ਹਨੀ ਅਤੇ ਉਸ ਦਾ ਭਰਾ ਸ਼ੰਟੀ ਤੋਂ ਇਲਾਵਾ ਦੁਕਾਨ ਦੇ 2 ਹੋਰ ਨੌਕਰ ਦੁਕਾਨ ਬੰਦ ਕਰ ਕੇ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਇਸੇ ਦੌਰਾਨ 2 ਗੱਡੀਆਂ ’ਤੇ ਸਵਾਰ ਹੋ ਕੇ ਆਏ 10-12 ਲੜਕਿਆਂ ਨੇ ਸ਼ੋਅਰੂਮ ਮਾਲਕ ਹਨੀ ਉੱਤੇ ਜਾਨਲੇਵਾ ਹਮਲਾ ਕੀਤਾ ਸੀ ਅਤੇ ਬਾਅਦ ਵਿੱਚ ਗੱਡੀ ਉੱਥੇ ਛੱਡ ਕੇ ਫਰਾਰ ਹੋ ਗਏ ਸਨ। ਇਸ ਦੌਰਾਨ ਸ਼ੋਅਰੂਮ ਦੇ ਮਾਲਕ ਨੇ ਉਕਤ ਹਮਲਾਵਰਾਂ ’ਤੇ ਇਕ ਬੈਗ ਜਿਸ ਵਿੱਚ ਢਾਈ ਲੱਖ ਰੁਪਏ ਸਨ, ਨੂੰ ਲੁੱਟ ਕੇ ਲਿਜਾਣ ਦਾ ਵੀ ਦੋਸ਼ ਲਗਾਇਆ ਸੀ।
ਇਸ ਸਬੰਧੀ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਗੁਰਪਾਨ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਜਦੋਂ ਉਹ ਜ਼ਖ਼ਮੀ ਹਨੀ ਦੇ ਬਿਆਨ ਲੈਣ ਗਏ ਤਾਂ ਉਸਨੇ ਘਬਰਾਹਟ ਕਾਰਨ ਬਿਆਨ ਦਰਜ ਨਹੀਂ ਕਰਵਾਏ। ਉਨ੍ਹਾਂ ਕਿਹਾ ਕਿ ਜੋ ਕਾਰ ਬਰਾਮਦ ਕੀਤੀ ਗਈ ਹੈ ਉਸਦੇ ਚੈਸੀ ਨੰਬਰ ਤੋਂ ਪਤਾ ਲੱਗਾ ਹੈ ਕਿ ਗੱਡੀ ਬਾਰੇ ਕਈ ਸੁਰਾਗ ਮਿਲੇ ਹਨ। ਜਿਸ ਦੇ ਅਧਾਰ ’ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਿਆਨ ਦਰਜ ਹੋਣਗੇ ਉਸ ਦੇ ਅਧਾਰ ’ਤੇ ਕਾਰਵਾਈ ਹੋਵੇਗੀ।