ਚੰਡੀਗੜ੍ਹ, 12 ਜੁਲਾਈ
ਟਿੱਡੀ ਦਲ ਹਰਿਆਣਾ ਦੇ ਸਿਰਸਾ, ਭਿਵਾਨੀ, ਚਰਖੀ ਦਾਦਰੀ ਤੇ ਮਹਿੰਦਰਗੜ੍ਹ ਜ਼ਿਲ੍ਹਿਆਂ ’ਚ ਦਾਖ਼ਲ ਹੋ ਗਿਆ ਹੈ। ਸੂਬੇ ਦੇ ਖੇਤੀ ਮੰਤਰੀ ਜੇ.ਪੀ.ਦਲਾਲ ਨੇ ਕਿਹਾ ਕਿ ਟਿੱਡੀ ਦਲ ਨੇ ਸ਼ਨਿੱਚਰਵਾਰ ਨੂੰ ਹੀ ਰਾਜ ਦੇ ਕੁਝ ਜ਼ਿਲ੍ਹਿਆਂ ਵਿੱਚ ਦਾਖ਼ਲ ਹੁੰਦਿਆਂ ਫ਼ਸਲਾਂ ’ਤੇ ਹਮਲਾ ਕਰ ਦਿੱਤਾ ਸੀ। ਮੰਤਰੀ ਨੇ ਕਿਹਾ ਕਿ ਹਮਲੇ ਨੂੰ ਵੇਖਦਿਆਂ ਅਧਿਕਾਰੀ ਲੰਘੀ ਰਾਤ ਹੀ ਫੌਰੀ ਹਰਕਤ ਵਿੱਚ ਆ ਗਏ ਸਨ। ਦਲਾਲ ਨੇ ਕਿਹਾ ਕਿ ਖੇਤੀ ਵਿਭਾਗ ਨੇ ਕੀੜਿਆਂ ਦੇ ਖਾਤਮੇ ਲਈ ਅੱਗ ਬੁਝਾਊ ਗੱਡੀਆਂ ਤਾਇਨਾਤ ਕੀਤੀਆਂ ਹਨ। ਇਨ੍ਹਾਂ ਗੱਡੀਆਂ ਵਿੱਚ ਭਰੇ ਰਸਾਇਣ ਦਾ ਟਿੱਡੀਆਂ ’ਤੇ ਛਿੜਕਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਬੰਧਤ ਤੇ ਨੇੜਲੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚੌਕਸ ਰਹਿਣ ਦੀ ਤਾਕੀਦ ਕੀਤੀ ਹੈ।’ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਟਿੱਡੀ ਦਲ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਬਾਰੇ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ। -ਪੀਟੀਆਈ