ਪੱਤਰ ਪ੍ਰੇਰਕ
ਜੀਂਦ, 21 ਜਨਵਰੀ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਰੇਸ਼ ਨਰਵਾਲ ਨੇ ਕਿਹਾ ਕਿ ਮੁੱਖ ਸਕੱਤਰ ਹਰਿਆਣਾ ਦੀ ਹਦਾਇਤਾਂ ਅਨੁਸਾਰ ਮਹਾਮਾਰੀ ਅਲਰਟ ਸੁਰੱਖਿਅਤ ਹਰਿਆਣਾ ਦੇ ਤਹਿਤ ਤਾਲਾਬੰਦੀ ਦੇ ਹੁਕਮ 28 ਜਨਵਰੀ ਸਵੇਰੇ 5 ਵਜੇ ਤੱਕ ਵਧਾ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀ ਹਦਾਇਤਾਂ ਅਨੁਸਾਰ ਸਾਰੇ ਸਿਨੇਮਾ ਹਾਲ, ਥੀਏਟਰਸ ਅਤੇ ਮਲਟੀਪਲੇਕਸ ਹਾਲ ਬੰਦ ਰਹਿਣਗੇ। ਇਸ ਤੋਂ ਇਲਾਵਾ ਸਾਰੇ ਖੇਡ ਸਟੇਡੀਅਮ, ਸਵੀਮਿੰਗ ਪੂਲ ਵੀ ਬੰਦ ਰਹਿਣਗੇ। ਕੇਵਲ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਟ੍ਰੈਨਿੰਗ ਦੇ ਸਬੰਧ ਵਿੱਚ ਖਿਡਾਰੀਆਂ ਨੂੰ ਇਜਾਜ਼ਤ ਮਿਲੇਗੀ। ਕਿਸੇ ਬਾਹਰੀ ਵਿਅਕਤੀ ਜਾਂ ਦਰਸ਼ਕ ਨੂੰ ਸਟੇਡੀਅਮ ਵਿੱਚ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ। ਡੀਸੀ ਨੇ ਦੱਸਿਆ ਕਿ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਸੋਸ਼ਲ ਫਾਸਲੇ ਆਦਿ ਦਾ ਪਾਲਣ ਨਾ ਕਰਨ ਵਾਲੇ ਵਿਅਕਤੀ 500 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।