ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜੂਨ
ਹਰਿਆਣਾ ਸਰਕਾਰ ਨੇ ਕਰੋਨਾਵਾਇਰਸ ਕੇਸਾਂ ਦੀ ਗਿਣਤੀ ਨੂੰ ਵੇਖਦਿਆਂ ਸੂਬੇ ਵਿੱਚ ਲੌਕਡਾਊਨ 7 ਦਿਨਾਂ ਲਈ ਵਧਾ ਦਿੱਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਕਿ ਸੂਬੇ ਵਿੱਚ 7 ਜੂਨ ਨੂੰ ਸਵੇਰੇ 5 ਵਜੇ ਤੋਂ 14 ਜੂਨ ਸਵੇਰੇ 5 ਵਜੇ ਤੱਕ ‘ਮਹਾਮਾਰੀ ਐਲਰਟ- ਸੁਰੱਖਿਅਤ ਹਰਿਆਣਾ’ (ਲੌਕਡਾਊਨ) ਤਹਿਤ ਪਾਬੰਦੀਆਂ ਜਾਰੀ ਰਹਿਣਗੀਆਂ। ਸੂਬਾ ਸਰਕਾਰ ਨੇ ਜਿਸਤ-ਟਾਂਕ ਫਾਰਮੂਲੇ ਮੁਤਾਬਕ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਦੀਆਂ ਸਨ ਜਦਕਿ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਰੈਸਟੋਰੈਂਟ, ਹੋਟਲ ਅਤੇ ਕਲੱਬ ਸਵੇਰੇ 10 ਤੋਂ ਰਾਤ 8 ਵਜੇ ਤੱਕ 50 ਫ਼ੀਸਦੀ ਬੈਠਣ ਸਮਰੱਥਾ ਨਾਲ ਖੁੱਲ੍ਹੇ ਰਹਿਣਗੇ ਜਦਕਿ ਹੋਮ ਡਿਲੀਵਰੀ ਰਾਤ 10 ਵਜੇ ਤੱਕ ਕੀਤੀ ਜਾਵੇਗੀ। ਧਾਰਮਿਕ ਥਾਵਾਂ ’ਤੇ ਇੱਕ ਸਮੇਂ ’ਤੇ 21 ਜਣਿਆਂ ਦੇ ਇਕੱਠ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਵਿਆਹ ਅਤੇ ਸਸਕਾਰ ਵਿੱਚ 50 ਜਣੇ ਸ਼ਾਮਲ ਹੋ ਸਕਣਗੇ। ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਸਕੂਲ, ਕਾਲਜ, ਆਈਟੀਆਈ, ਪੋਲੀਟੈਕਨਿਕ ਅਤੇ ਇੰਜਨੀਅਰਿੰਗ ਕਾਲਜ 15 ਜੂਨ ਤੇ ਆਂਗਣਵਾੜੀ ਕੇਂਦਰ ਅਤੇ ਕਰੈੱਚਾਂ 30 ਜੂਨ ਤੱਕ ਬੰਦ ਕੀਤੀਆਂ ਹੋਈਆਂ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।