ਚੰਡੀਗੜ੍ਹ (ਟਨਸ): ਹਰਿਆਣਾ ਸਰਕਾਰ ਨੇ ਕਰੋਨਾ ਦੀ ਤੀਜੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਸੂੂਬੇ ’ਚ ਤਾਲਬੰਦੀ 26 ਜੁਲਾਈ ਤੱਕ ਇੱਕ ਹੋਰ ਹਫ਼ਤੇ ਲਈ ਵਧਾ ਦਿੱਤੀ ਹੈ। ਇਸੇ ਦੌਰਾਨ ਰੈਸਤਰਾਂ, ਬਾਰਾਂ ਅਤੇ ਕਲੱਬਾਂ ਨੂੰ ਖੋਲ੍ਹਣ ਦਾ ਸਮਾਂ ਇੱਕ ਘੰਟਾ ਵਧਾ ਦਿੱਤਾ ਗਿਆ ਹੈ, ਜਿਸ ਨਾਲ ਇਹ ਸਾਰੇ ਹੁਣ ਰਾਤ ਗਿਆਰਾਂ ਵਜੇ ਤੱਕ ਖੁੱਲ੍ਹ ਸਕਣਗੇ। ਮੁੱਖ ਸਕੱਤਰ ਵਿਜੈ ਵਰਧਨ ਵੱਲੋਂ ਜਾਰੀ ਇੱਕ ਹੁਕਮ ਮੁਤਾਬਕ ‘ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ’ ਹਰਿਆਣਾ ਵਿੱਚ ਇੱਕ ਹਫ਼ਤਾ, ਜੋ ਕਿ 19 ਜੁਲਾਈ (ਤੜਕੇ 5 ਵਜੇ) ਤੋਂ 26 ਜੁਲਾਈ (ਤੜਕੇ 5 ਵਜੇ) ਤੱਕ ਲਾਗੂ ਰਹੇਗਾ, ਵਧਾ ਦਿੱਤਾ ਗਿਆ ਹੈ।’ ਸਰਕਾਰ ਨੇ ਸਿਨੇਮਾ ਘਰ ਅਤੇ ਸਪਾ ਸੈਂਟਰ ਵੀ 50 ਫ਼ੀਸਦ ਸਮਰੱਥਾ ਨਾਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਹੋਟਲਾਂ ਤੇ ਮਾਲਜ਼ ਸਣੇ ਰੈਸਤਰਾਂ ਤੇ ਬਾਰਾਂ 50 ਫ਼ੀਸਦੀ ਸਮਰੱਥਾ ਨਾਲ ਸਵੇਰੇ 10 ਵਜੇ ਤੋਂ ਰਾਤ 11 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਗੋਲਫ ਕੋਰਸਾਂ ਦੇ ਕਲੱਬ ਹਾਊਸ, ਰੈਸਤਰਾਂ ਅਤੇ ਬਾਰਾਂ ਵੀ ਰਾਤ 11 ਵਜੇ ਤੱਕ ਖੁੱਲ੍ਹ ਸਕਣਗੇ। ਜਦਕਿ ਜਿਮ ਸਵੇਰੇ 6 ਵਜੇ ਤੋਂ ਰਾਤ 9 ਵਜੇ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ’ਚ ਕੋਚਿੰਗ ਸੈਂਟਰ, ਲਾਇਬ੍ਰੇਰੀਆਂ, ਟ੍ਰੇਨਿੰਗ ਇੰਸਟੀਚਿਊਟ ਕਰੋਨਾ ਨੇਮਾਂ ਮੁਤਾਬਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸੂਬੇ ਵਿੱਚ ਧਾਰਮਿਕ ਸਥਾਨ 50 ਫ਼ੀਸਦ ਇਕੱਠ ਨਾਲ ਖੋਲ੍ਹੇ ਜਾਣਗੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਿਆਂ ਦੇ ਮੌਜੂਦਾ ਹਾਲਾਤ ਮੁਤਾਬਕ ਫ਼ੈਸਲਾ ਲੈਣ ਦੀ ਛੋਟ ਦਿੱਤੀ ਗਈ ਹੈ। ਰਾਤ ਦਾ ਕਰਫਿਉੂ ਹੁਣ ਰਾਤ 10 ਵਜੇ ਦੀ ਬਜਾਏ ਰਾਤ 11 ਵਜੇ ਤੋਂ ਤੜਕੇ 5 ਵਜੇ ਤੱਕ ਲਾਗੂ ਰਹੇਗਾ।