ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 19 ਅਪਰੈਲ
ਇਥੇ ਦਾਣਾ ਮੰਡੀ ਵਿੱਚ ਫ਼ਸਲ ਦੀ ਖਰੀਦ ਦੌਰਾਨ ਵੱਧ ਕਣਕ ਤੋਲ ਕੇ ਕਿਸਾਨਾਂ ਨੂੰ ਕੁੰਡੀ ਲਗਾਉਣ ਵਾਲੇ 21 ਆੜ੍ਹਤੀਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਇਹ ਕਾਰਵਾਈ ਪੜਤਾਲ ਮਗਰੋਂ ਸਕੱਤਰ ਮਾਰਕੀਟ ਕਮੇਟੀ ਡੱਬਵਾਲੀ ਵੱਲੋਂ ਅਮਲ ਵਿਚ ਲਿਆਂਦੀ ਗਈ। ਇਨ੍ਹਾਂ ਆੜ੍ਹਤੀਆਂ ਉੱਪਰ ਕਿਸਾਨਾਂ ਦੀ ਪ੍ਰਤੀ ਬੈਗ 60 ਗ੍ਰਾਮ ਤੋਂ 935 ਗ੍ਰਾਮ ਕਣਕ ਵੱਧ ਤੋਲਣ ਦੇ ਦੋਸ਼ ਹਨ। ਨਿਯਮਾਂ ਅਨੁਸਾਰ ਕਣਕ ਦੇ ਬੈਗ ਦੀ ਭਰਾਈ 50 ਕਿਲੋ ਹੁੰਦੀ ਹੈ, ਜਦੋਂ ਕਿ ਖਾਲੀ ਬੈਗ ਦਾ ਵਜ਼ਨ 135 ਗ੍ਰਾਮ ਹੁੰਦਾ ਹੈ। ਹਰਿਆਣਾ ਕਿਸਾਨ ਏਕਤਾ ਦੇ ਆਗੂ ਗੁਰਪ੍ਰੇਮ ਸਿੰਘ ਦੇਸੁਜੋਧਾ ਸਮੇਤ ਹੋਰਨਾਂ ਨੇ ਲੰਘੇ ਦਿਨ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਸੀ। ਐੱਸਡੀਐੱਮ ਅਸ਼ਵਨੀ ਕੁਮਾਰ ਵੱਲੋਂ ਮੌਕੇ ’ਤੇ ਕਣਕ ਦੇ ਭਰੇ ਬੈਗਾਂ ਦਾ ਵਜ਼ਨ ਕਰਵਾਉਣ ਉੱਤੇ ਬੈਗਾਂ ਵਿਚ 250 ਤੋਂ 350 ਗ੍ਰਾਮ ਪ੍ਰਤੀ ਬੈਗ ਕਣਕ ਵੱਧ ਪਾਈ ਗਈ। ਐੱਸਡੀਐੱਮ ਨੇ ਸਕੱਤਰ ਮਾਰਕੀਟ ਕਮੇਟੀ ਨੂੰ ਨਿਰਪੱਖ ਪੜਤਾਲ ਦੇ ਨਿਰਦੇਸ਼ ਦਿੱਤੇ ਸਨ। ਪੜਤਾਲ ਮਗਰੋਂ ਆੜ੍ਹਤੀਆਂ ਨੰਦ ਲਾਲ ਹਨੂਮਾਨ ਦਾਸ ਵੱਲੋਂ ਕਣਕ ਭਰਾਈ ਵਿਚ 60 ਗ੍ਰਾਮ ਅੰਤਰ ਪਾਇਆ ਗਿਆ। ਇਸੇ ਤਰ੍ਹਾਂ ਦੇਸ ਰਾਜ ਸਤੀਸ਼ ਕੁਮਾਰ (515 ਗ੍ਰਾਮ), ਓਮ ਪ੍ਰਕਾਸ਼ ਐਂਡ ਸੰਨਜ਼ (650 ਗ੍ਰਾਮ), ਕੌਰਾ ਰਾਮ ਐਂਡ ਸੰਨਜ਼ (200 ਗ੍ਰਾਮ), ਓਸਵਾਲ ਟ੍ਰੇਡਰਜ਼ (500 ਗ੍ਰਾਮ), ਰਾਮਧਨ ਦਾਸ ਨਰਾਇਣ ਦਾਸ (120 ਗ੍ਰਾਮ), ਸੰਦੀਪ ਕੁਮਾਰ ਸਤੀਸ਼ ਕੁਮਾਰ (300 ਗ੍ਰਾਮ), ਝਾਲਰੀਆ ਟਰੇਡਿੰਗ ਕੰਪਨੀ (550 ਗ੍ਰਾਮ), ਜਗਦੀਸ਼ ਟਰੇਡਿੰਗ ਕੰਪਨੀ (170 ਗ੍ਰਾਮ), ਬੰਸੀ ਲਾਲ ਮੇਘ ਰਾਜ (280 ਗ੍ਰਾਮ), ਦੇਸਰਾਜ ਦਰਸ਼ਨ ਕੁਮਾਰ (300 ਗ੍ਰਾਮ), ਪ੍ਰਭ ਦਿਆਲ ਮੇਘਰਾਜ (305 ਗ੍ਰਾਮ), ਦੁਰਗਾ ਦਾਸ ਰਮੇਸ਼ ਕੁਮਾਰ (210 ਗ੍ਰਾਮ), ਸੂਰਜ ਮੱਲ ਤੇਜ ਭਾਨ (565 ਗ੍ਰਾਮ), ਜਿਤੇਂਦਰ ਟਰੇਡਿੰਗ ਕੰਪਨੀ (935 ਗ੍ਰਾਮ), ਅਮਰਨਾਥ ਜਿੰਦਲ ਐਂਡ ਕੰਪਨੀ (260 ਗ੍ਰਾਮ), ਕਸ਼ਮੀਰੀ ਲਾਲ ਪਰਵਿੰਦਰ ਕੁਮਾਰ (415 ਗ੍ਰਾਮ), ਮਿੱਡਾ ਬ੍ਰਦਰਜ਼ (570 ਗ੍ਰਾਮ), ਹਰਮਨ ਟ੍ਰੇਡਰਜ਼ (865 ਗ੍ਰਾਮ), ਅਮਰਨਾਥ ਸਿੰਗਲਾ ਐਂਡ ਕੰਪਨੀ (725 ਗ੍ਰਾਮ) ਅਤੇ ਚੰਦਰ ਸ਼ੇਖਰ ਐਂਡ ਕੰਪਨੀ ਕਣਕ ਤੋਲ ਵਜ਼ਨ ਵਿੱਚ 685 ਗ੍ਰਾਮ ਵਜ਼ਨ ਵੱਧ ਤੋਲਣ ਦੇ ਦੋਸ਼ੀ ਪਾਏ ਗਏ ਹਨ। ਮਾਰਕੀਟ ਕਮੇਟੀ ਡੱਬਵਾਲੀ ਦੇ ਸਕੱਤਰ ਵੀਰੇਂਦਰ ਕੁਮਾਰ ਨੇ 21 ਆੜ੍ਹਤੀਆਂ ਦੇ ਲਾਇਸੰਸ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਰਥਿਕ ਜੁਰਮਾਨਾ ਕਰਨ ’ਤੇ ਵਿਚਾਰ ਚੱਲ ਰਿਹਾ ਹੈ।