ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਸਾਨ ਆਗੂਆਂ ਰਾਕੇਸ਼ ਟਿਕੈਤ ਤੇ ਗੁਰਨਾਮ ਸਿੰਘ ਚੜੂਨੀ ਨੂੰ ਨਿਸ਼ਾਨਾ ਬਣਾਉਂਦਿਆਂ ਦਾਅਵਾ ਕੀਤਾ ਕਿ ਹਰਿਆਣਾ ਦੇ ਕਿਸਾਨ ਖ਼ੁਸ਼ ਹਨ, ਪਰ ਕੁਝ ‘ਨਿਰਾਸ਼’ ਆਗੂ ਆਪਣਾ ਉੱਲੂ ਸਿੱਧਾ ਕਰਨ ਲਈ ਉਨ੍ਹਾਂ ਦੇ ਮੋਢੇ ਨੂੰ ਵਰਤ ਰਹੇ ਹਨ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖ ਚੁੱਕੇ ਹਨ ਕਿ ਤਿੰਨੋਂ ਨਵੇਂ ਖੇਤੀ ਕਾਨੂੰਨ ਕਿਸਾਨ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਘੜੇ ਗਏ ਹਨ, ਪਰ ਕੁਝ ਨਿਰਾਸ਼ ਆਗੂਆਂ ਦਾ ਇਰਾਦਾ ਕੁਝ ਹੋਰ ਹੈ। ਚੜੂਨੀ ਹੋਵੇ ਜਾਂ ਫਿਰ ਰਾਕੇਸ਼ ਟਿਕੈਤ, ਉਹ ਕਿਸਾਨਾਂ ਹਿੱਤਾਂ ’ਚ ਕੁਝ ਨਹੀਂ ਕਰ ਰਹੇ। ਇਸ ਦੀ ਥਾਂ ਉਹ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਉਨ੍ਹਾਂ (ਕਿਸਾਨਾਂ) ਦਾ ਮੋਢਾ ਵਰਤ ਰਹੇ ਹਨ।’ ਖੱੱਟਰ ਨੇ ਕਿਹਾ, ‘ਹਰਿਆਣਾ ਦੇ ਕਿਸਾਨ ਖੁ਼ਸ਼ ਹਨ। ਇਕ ਅੱਧਾ ਜੇ ਕੋਈ ਕੁਰਾਹੇ ਪਿਆ ਹੋਇਆ ਹੈ, ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਬੈਠ ਕੇ ਗੱਲਬਾਤ ਕਰ ਲੈਣ। ਵਿਚਾਰ ਚਰਚਾ ਮਗਰੋਂ ਜੇ ਸਰਕਾਰ ਨੂੰ ਲਗਦਾ ਹੈ ਕਿ ਕੁਝ ਠੀਕ ਕਰਨ ਵਾਲਾ ਹੈ ਤਾਂ ਯਕੀਨੀ ਤੌਰ ’ਤੇ ਸੋਧ ਕੀਤੀ ਜਾਵੇਗੀ।’
-ਪੀਟੀਆਈ