ਪੱਤਰ ਪ੍ਰੇਰਕ
ਟੋਹਾਣਾ, 9 ਜਨਵਰੀ
ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਕੂਚ ਕਰ ਰਹੇ ਟਰਾਲੀ ਜਥਿਆਂ ਦੇ ਸਵਾਗਤ ਵਾਸਤੇ ਉਨ੍ਹਾਂ ਨੂੰ ਲੰਗਰ ਦੀ ਸੇਵਾ ਇਥੋਂ ਦੀਆਂ ਜਥੇਬੰਦੀਆਂ ਨੇ ਅੱਜ 15ਵੇਂ ਦਿਨ ਜਾਰੀ ਰੱਖੀ। ਇਥੋਂ ਦੇ ਕਿਸਾਨਾਂ ਵੱਲੋਂ ਲੰਗਰ ਵਾਸਤੇ ਰਸਦ, ਦੁੱਧ, ਚਾਹਪੱਤੀ, ਚੌਲ, ਘਿਓ, ਸਬਜ਼ੀਆਂ ਦਾਨ ਵਿੱਚ ਦਿੱਤੀਆਂ ਜਾ ਰਹੀਆਂ ਹਨ। ਲੰਗਰ ਦੀ ਸੇਵਾ ਸਰਵ ਕਰਮਚਾਰੀ ਸੰਘ ਦੇ ਪ੍ਰਧਾਨ ਲਾਭ ਸਿੰਘ, ਹਰਪਾਲ ਸਿੰਘ ਚੌਵੀ ਘੰਟੇ ਨਿਭਾ ਰਹੇ ਹਨ। ਅੱਜ ਚੌਧਰੀ ਛੋਟੂਰਾਮ ਦੀਆਂ ਕਿਸਾਨੀ ਸੇਵਾਵਾ ਨੂੰ ਸਮਰਪਿਤ ਮਾਸਟਰ ਰਣਜੀਤ ਸਿੰਘ ਤੇ ਕਿਸਾਨ ਸੰਘਰਸ਼ ਕਮੇਟੀ ਦੇ ਤਹਿਸੀਲ ਪ੍ਰਧਾਨ ਰਮੇਸ਼ ਡਾਂਗਰਾ ਦੀ ਅਗਵਾਈ ਵਿੱਚ ਪੰਜ ਮੈਂਬਰ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ।