ਪ੍ਰਭੂ ਦਿਆਲ
ਸਿਰਸਾ, 24 ਅਕਤੂਬਰ
ਇਥੋਂ ਦੀ ਪੁਰਾਣੀ ਕਚਹਿਰੀ ਰੋਡ ’ਤੇ ਸਥਿਤ ਇਕ ਮਿਠਆਈ ਦੀ ਦੁਕਾਨ ’ਤੇ ਕੰਮ ਕਰਦੇ 20 ਸਾਲਾ ਨੌਜਵਾਨ ਮਜ਼ਦੂਰ ਦੀ ਲਿਫਟ ਵਿੱਚ ਫ਼ਸਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਪਹੁੰਚਾਈ ਗਈ ਹੈ। ਸਿਵਲ ਲਾਈਨਜ਼ ਥਾਣੇ ਵਿੱਚ ਦੁਕਾਨਦਾਰ ਖ਼ਿਲਾਫ਼ ਲਾਪ੍ਰਵਾਈ ਦਾ ਕੇਸ ਦਰਜ ਕਰਕੇ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਜ਼ਦੂਰ ਤੇ ਸਮਾਜਸੇਵੀ ਜਥੇਬੰਦੀਆਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਜਾਣ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਝਾਰਖੰਡ ਵਾਸੀ 20 ਸਾਲਾ ਮੁਕੇਸ਼ ਗਜ਼ਲ ਸਵੀਟਸ ’ਤੇ ਕੰਮ ਕਰਦਾ ਸੀ। ਦੱਸਿਆ ਗਿਆ ਹੈ ਕਿ ਉਹ ਦੁਕਾਨ ’ਚ ਲੱਗੀ ਲਿਫਟ ’ਚ ਚੜ੍ਹ ਕੇ ਉਤਲੀ ਮੰਜ਼ਿਲ ਤੋਂ ਕੋਈ ਸਾਮਾਨ ਲੈਣ ਲਈ ਗਿਆ ਸੀ ਪਰ ਉਹ ਲਿਫਟ ਵਿੱਚ ਫਸ ਗਿਆ ਜਿਸ ਕਾਰਨ ਉਸ ਦੇ ਸੱਟਾਂ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਿਵਲ ਲਾਈਨਜ ਥਾਣਾ ਪੁਲੀਸ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਪਹੁੰਚਾਈ। ਜਾਂਚ ਅਧਿਕਾਰੀ ਰਾਮ ਨਿਵਾਸ ਨੇ ਦੱਸਿਆ ਹੈ ਕਿ ਮੁੱਢਲੀ ਜਾਂਚ ’ਚ ਲਾਪ੍ਰਵਾਈ ਦਾ ਮਾਮਲਾ ਨਜ਼ਰ ਆ ਰਿਹਾ ਹੈ। ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਈ ਗਈ ਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ, ਗਜ਼ਲ ਸਵਿਟਸ ਦੇ ਸੰਚਾਲਕ ਅਕਾਸ਼ਦੀਪ ਬਾਂਗਾ ਨੇ ਦੱਸਿਆ ਕਿ ਦੁਕਾਨ ਦੀ ਉਤਲੀ ਮੰਜ਼ਿਲ ਤੋਂ ਸਾਮਾਨ ਹੇਠਾਂ ਲਿਆਉਣ ਲਈ ਲਿਫਟ ਲਾਈ ਹੋਈ ਹੈ। ਲਿਫਟ ’ਚ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਨਹੀਂ ਹੈ। ਪਤਾ ਨਹੀਂ ਇਹ ਮੁੰਡਾ ਕਿਵੇਂ ਲਿਫਟ ’ਤੇ ਚੜ੍ਹਿਆ ਤੇ ਕਿਵੇਂ ਉਸ ਨਾਲ ਹਾਦਸਾ ਵਾਪਰ ਗਿਆ। ਉਨ੍ਹਾਂ ਕਿਸੇ ਤਰ੍ਹਾਂ ਦੀ ਕੋਈ ਲਾਪ੍ਰਵਾਹੀ ਨਹੀਂ ਕੀਤੀ।
ਕੈਪਸ਼ਨ:: ਦੁਕਾਨ ’ਤੇ ਹਾਦਸਾ ਵਾਪਰਣ ਮਗਰੋਂ ਬਾਹਰ ਇਕੱਠੀ ਹੋਈ ਭੀੜ।-ਫੋਟੋ: ਪ੍ਰਭੂ