ਪੱਤਰ ਪ੍ਰੇਰਕ
ਜੀਂਦ, 29 ਮਈ
ਕਿਸਾਨ ਅੰਦੋਲਨਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਜੀਂਦ ਜ਼ਿਲ੍ਹੇ ਦੇ ਪਿੰਡ ਗੁਲਕਨੀ ਵਿੱਚ ਕਿਸਾਨ ਸ਼ਹੀਦ ਸਮਾਰਕ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਪਹਿਲੀ ਜੂਨ ਨੂੰ ਹੋਣ ਵਾਲੇ ਪ੍ਰੋਗਰਾਮ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਰਤਨ ਸਿੰਘ ਮਾਨ ਗੁਲਕਨੀ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਇਸ ਸਮਾਰਕ ਦਾ ਨਿਰਮਾਣ ਕੰਮ ਨੌਗਾਮਾ ਖਾਪ ਦੇ 21 ਪਿੰਡਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਪਹਿਲੀ ਜੂਨ ਨੂੰ ਸ਼ਹੀਦ ਸਮਾਰਕ ਦਾ ਉਦਘਾਟਨ ਕਰਨ ਦੇ ਨਾਲ ਨਾਲ ਸਰਕਾਰੀ ਸਕੂਲ ਦੇ ਮੈਦਾਨ ਵਿੱਚ ਸੰਕਲਪ ਦਿਵਸ ਵੀ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕਿਸਾਨ ਸ਼ਹੀਦ ਸਮਾਰਕ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਦੇਖ-ਰੇਖ ਵਿੱਚ ਕਿਸਾਨ ਸ਼ਹੀਦ ਸਮਾਰਕ ਦੀ ਉਸਾਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 1997 ਤੋਂ 2021 ਤੱਕ ਦੇ ਸਮੇਂ ਵਿੱਚ ਸ਼ਹੀਦ ਹੋਏ 13 ਕਿਸਾਨਾਂ ਦੇ ਬੁੱਤ ਇਸ ਸ਼ਹੀਦ ਸਮਾਰਕ ਵਿੱਚ ਸਥਾਪਤ ਕੀਤੇ ਜਾਣਗੇ। ਇਸ ਕੰਮ ’ਤੇ ਲਗਪਗ 15 ਲੱਖ ਰੁਪਏ ਖਰਚ ਹੋਣਗੇ। ਇਸ ਸਕੰਲਪ ਦਿਵਸ ਸਮਾਰੋਹ ਦੀ ਪ੍ਰਧਾਨਗੀ ਢੁੱਲ ਖਾਪ ਦੇ ਰਾਸ਼ਟਰੀ ਪ੍ਰਧਾਨ ਰਣਧੀਰ ਸਿੰਘ ਢੁੱਲ ਕਰਨਗੇ ਅਤੇ ਸਮਾਰੋਹ ਵਿੱਚ ਕਿਸਾਨ ਨੇਤਾ ਰਾਕੇਸ਼ ਟਿਕੈਤ, ਭਾਕਿਯੂ ਦੇ ਰਾਸ਼ਟਰੀ ਜਨਰਲ ਸਕੱਤਰ ਯੁੱਧਵੀਰ ਸਿੰਘ ਸਹਿਰਾਵਤ ਸਮੇਤ ਅਨੇਕਾਂ ਕਿਸਾਨ ਨੇਤਾ ਪਹੁੰਚਣਗੇ।