ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਅਕਤੂਬਰ
ਬੀਤੀ ਰਾਤ ਰੇਲ ਗੱਡੀ ਦੀ ਲਪੇਟ ਵਿੱਚ ਆ ਕੇ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਾਰਕੰਡਾ ਨਦੀ ਦੇ ਡਾਊਨ ਟਰੈਕ ’ਤੇ ਰੇਲਵੇ ਲਾਈਨ ਉੱਤੇ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਰੇਲਵੇ ਅਧਿਕਾਰੀਆਂ ਨੇ ਇਸ ਦੀ ਸੂਚਨਾ ਜੀਆਰਪੀ ਪੁਲੀਸ ਨੂੰ ਦਿੱਤੀ। ਸਬ-ਇੰਸਪੈਕਟਰ ਕਰਮ ਸਿੰਘ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਲਾਸ਼ ਦੀ ਪਛਾਣ ਕੀਤੀ ਜਾ ਰਹੀ ਹੈ। ਅਧਿਕਾਰੀ ਕਰਮ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੀ ਉਮਰ ਕਰੀਬ 40-45 ਸਾਲ ਹੈ ਤੇ ਨੀਲੇ ਰੰਗ ਦਾ ਪਜਾਮਾ ਪਾਇਆ ਹੋਇਆ ਹੈ ਤੇ ਕੁਦਰਤੀ ਤੌਰ ’ਤੇ ਕੰਨ ਕੱਟਿਆ ਹੋਇਆ ਹੈ। ਇਕ ਬਾਂਹ ’ਤੇ ਓਮ ਪ੍ਰਕਾਸ਼ ਤੇ ਦੂਜੀ ਬਾਂਹ ’ਤੇ ਓਪੀ ਲਿਖਿਆ ਹੋਇਆ ਹੈ। ਲਾਸ਼ ਨੂੰ ਐੱਲਐੱਨਜੇਪੀ ਹਸਪਤਾਲ ਵਿੱਚ ਪਛਾਣ ਲਈ ਰੱਖਿਆ ਗਿਆ ਹੈ।
ਸੜਕ ਹਾਦਸੇ ਵਿੱਚ ਵਿਅਕਤੀ ਦੀ ਮੌਤ
ਸ਼ਾਹਬਾਦ ਪਿਪਲੀ ਜੀਟੀ ਰੋਡ ’ਤੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਪਿੰਡ ਸ਼ਰੀਫ ਗੜ੍ਹ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਦੋਸਤ ਸੁਖਦੇਵ ਸਿੰਘ ਆਪਣੀ ਸਕੂਟਰੀ ’ਤੇ ਸ਼ਾਹਬਾਦ ਆਏ ਸਨ। ਉਨ੍ਹਾਂ ਨਾਲ ਉਨ੍ਹਾਂ ਦਾ ਰਿਸ਼ਤੇਦਾਰ ਹਰਪਾਲ ਸਿੰਘ ਤੇ ਅਨੋਖ ਸਿੰਘ ਵੀ ਆਪਣੇ ਮੋਟਰਸਾਈਕਲ ’ਤੇ ਸ਼ਾਹਬਾਦ ਆਏ ਸਨ। ਵਾਪਸੀ ਮੌਕੇ ਜਿਵੇਂ ਹੀ ਉਹ ਤਿਉੜਾ ਥੇਹ ਤੋਂ ਥੋੜਾ ਅੱਗੇ ਪੁੱਜੇ ਤਾਂ ਉਸੇ ਦੌਰਾਨ ਇਕ ਟਰੈਕਟਰ ਟਰਾਲੀ ਚਾਲਕ ਨੇ ਲਾਪ੍ਰਵਾਹੀ ਨਾਲ ਅੱਗਿਓਂ ਕੱਟ ਮਾਰ ਦਿੱਤਾ, ਜਿਸ ਨਾਲ ਹਰਪਾਲ ਸਿੰਘ ਤੇ ਅਨੋਖ ਸਿੰਘ ਸੜਕ ’ਤੇ ਡਿੱਗ ਪਏ। ਦੋਵਾਂ ਨੂੰ ਇਲਾਜ ਲਈ ਸ਼ਾਹਬਾਦ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਹਰਪਾਲ ਸਿੰਘ ਨੇ ਦਮ ਤੋੜ ਦਿੱਤਾ। ਅਨੋਖ ਸਿੰਘ ਨੂੰ ਐੱਲਐੱਨਜੇਪੀ ਹਸਪਤਾਲ ਕੁਰੂਕਸ਼ੇਤਰ ਭੇਜਿਆ ਗਿਆ ਹੈ।