ਪੱਤਰ ਪ੍ਰੇਰਕ
ਫਰੀਦਾਬਾਦ, 19 ਅਕਤੂਬਰ
ਖੇਡੀ ਕਲਾਂ ਪਿੰਡ ਵਿੱਚ ਜ਼ਿਲ੍ਹਾ ਜੂਨੀਅਰ ਕਬੱਡੀ ਚੈਂਪੀਅਨਸ਼ਿਪ ਦਾ ਪ੍ਰਬੰਧ ਕੀਤਾ ਗਿਆ। ਇਸ ਮੁਕਾਬਲੇ ਵਿੱਚ ਫਰੀਦਾਬਾਦ ਸ਼ਹਿਰ ਦੀਆਂ 14 ਟੀਮਾਂ ਨੇ ਭਾਗ ਲਿਆ। ਸਾਰੇ ਮੈਚ ਬਹੁਤ ਹੀ ਦਿਲਚਸਪ ਸਨ, ਮੁਕਾਬਲੇ ਦਾ ਫਾਈਨਲ ਮੈਚ ਖੇਡੀ ਕਲਾਂ ਅਤੇ ਵਾਈਐਮਸੀਏ ਸਪੋਰਟਸ ਕੰਪਲੈਕਸ ਸੈਕਟਰ-17 ਫਰੀਦਾਬਾਦ ਵਿਚਕਾਰ ਹੋਇਆ। ਇਸ ਵਿੱਚ ਖੇੜੀ ਕਲਾਂ ਨੇ 15 ਦੇ ਮੁਕਾਬਲੇ 18 ਅੰਕ ਪ੍ਰਾਪਤ ਕਰ ਕੇ ਟਰਾਫੀ ਜਿੱਤੀ। ਇਸ ਤੋਂ ਇਲਾਵਾ ਪੁਲੀਸ ਲਾਈਨ ਸੈਕਟਰ-31, ਖੇੜੀ ਕਲਾਂ, ਲਲਿਤ ਖੇੜੀ, ਮੇਵਲਾ ਮਹਾਰਾਜਪੁਰ, ਵਾਈਐਮਸੀਏ ਸੈਕਟਰ-17, ਜਾਵਾ, ਖੇੜੀ-ਏ, ਪੁਲੀਸ ਲਾਈਨ, ਵਾਈਐਮਸੀਏ, ਸੈਕਟਰ-12 ਤੇ ਦਿਪਾਂਸ਼ੂ ਕਲੱਬ ਨੇ ਭਾਗ ਲਿਆ। ਕਰੀਬ ਸਾਰੀਆਂ ਹੀ ਟੀਮਾਂ ਵਿਚਕਾਰ ਸਖ਼ਤ ਮੁਕਾਬਲਾ ਸੀ। ਪ੍ਰਬੰਧਕਾਂ ਨੇ ਕਿਹਾ ਕਿ ਉੱਭਰ ਰਹੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਦਾ ਪ੍ਰਬੰਧ ਕਰ ਕੇ ਉਤਸ਼ਾਹ ਦਿੱਤਾ ਗਿਆ ਹੈ। ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਭਰਵੀਂ ਹਾਜ਼ਰੀ ਲਗਵਾਈ। ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਪ੍ਰਬੰਧਕਾਂ ਨੇ ਕਿਹਾ ਕਿ ਜੋ ਟੀਮ ਹਾਰ ਗਈ ਹੈ, ਉਸ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਬਲਕਿ ਅਗਲੀ ਵਾਰ ਲਈ ਸਖ਼ਤ ਮਿਹਨਤ ਕਰ ਕੇ ਜਿੱਤ ਦੀ ਤਿਆਰੀ ਕਰਨੀ ਚਾਹੀਦੀ ਹੈ। ਉ੍ਨ੍ਹਾਂ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਆਉਣ ਲਈ ਵੀ ਪ੍ਰੇਰਿਆ।