ਆਤਿਸ਼ ਗੁਪਤਾ
ਚੰਡੀਗੜ੍ਹ, 13 ਅਪਰੈਲ
ਹਰਿਆਣਾ ਦੀ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੇ ਭਲਕੇ ਡਾ. ਭੀਮ ਰਾਓ ਅੰਬੇਡਕਰ ਦੀ 130ਵੀਂ ਜੈਅੰਤੀ ਨੂੰ ਸਮਰਪਿਤ ਸੋਨੀਪਤ ਦੇ ਪਿੰਡ ਬਡੌਲੀ ਵਿੱਚ ਰੱਖੇ ਸਮਾਗਮ ਨੂੰ ਰੱਦ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਸਮਾਗਮ ਦੇ ਵਿਰੋਧ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਭਲਕ ਦੇ ਸਮਾਗਮ ’ਚ ਹਾਜ਼ਰੀ ਭਰਨੀ ਸੀ। ਰਾਈ ਦੇ ਵਿਧਾਇਕ ਮੋਹਨ ਲਾਲ ਬਡੌਲੀ ਨੇ ਸਮਾਗਮ ਰੱਦ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।
ਉਧਰ ਸੂਤਰਾਂ ਦੀ ਮੰਨੀਏ ਤਾਂ ਸੂਬਾ ਸਰਕਾਰ ਨੇ ਸੂਹੀਆਤੰਤਰ ਦੀ ਰਿਪੋਰਟ ਦੇ ਆਧਾਰ ’ਤੇ ਸਾਰੇ ਸਮਾਗਮਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਗੱਠਜੋੜ ਸਰਕਾਰ ਦੇ ਸਾਰੇ ਸਮਾਗਮਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਹਰਿਆਣਾ ਸਰਕਾਰ ਲੋਕਾਂ ਵਿੱਚ ਫੁੱਟ ਪਵਾਉਣ ਲਈ ਡਾ. ਭੀਮ ਰਾਓ ਅੰਬੇਡਕਰ ਦੀ 130ਵੀਂ ਜੈਅੰਤੀ ’ਤੇ ਜਨਤਕ ਸਮਾਗਮ ਰੱਖ ਰਹੀ ਹੈ। ਇਨ੍ਹਾਂ ਸਮਾਗਮਾਂ ਦਾ ਬਹੁਜਨ ਸਮਾਜ ਵੱਲੋਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੀ 130ਵੀਂ ਜੈਅੰਤੀ ਨੂੰ ‘ਸੰਵਿਧਾਨ ਬਚਾਓ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਧਰਨਿਆਂ ਦੀ ਅਗਵਾਈ ਬਹੁਜਨ ਸਮਾਜ ਦੇ ਲੋਕ ਕਰਨਗੇ।