ਪੰਚਕੂਲਾ (ਪੀਪੀ ਵਰਮਾ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇਥੇ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪਹੁੰਚੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਦਾ ਸਵਾਗਤ ਕੀਤਾ। ਸ੍ਰੀ ਖੱਟਰ ਨੇ ਅੰਬਾਲਾ ਤੱਕ ਇਸ ਰੇਲ ਵਿੱਚ ਸਫ਼ਰ ਕੀਤਾ। ਉਨ੍ਹਾਂ ਨਾਲ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਸਿੱਖਿਆ ਮੰਤਰੀ ਕੰਵਰਪਾਲ ਗੁੱਜਰ, ਕੈਬਨਿਟ ਮੰਤਰੀ ਕਮਲੇਸ਼ ਢਾਂਡਾ, ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ, ਰਾਜ ਮੰਤਰੀ ਬਨਵਾਰੀ ਲਾਲ ਤੇ ਅੰਬਾਲਾ ਹਲਕੇ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਊਨਾ ਤੋਂ ਦਿੱਲੀ ਤੱਕ ਚਲਾਈ ਜਾਣ ਵਾਲੀ ਇਹ ਦੇਸ਼ ਦੀ ਚੌਥੀ ਬੰਦੇ ਭਾਰਤ ਐਕਸਪ੍ਰੈੱਸ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਲਈ ਕੇਂਦਰ ਸਰਕਾਰ ਵੱਲੋਂ ਅਜਿਹੀਆਂ ਰੇਲਾਂ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਫ਼ੈਸਲੇ ਨਾਲ ਸਾਰੇ ਦੇਸ਼ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।