ਰਤਨ ਸਿੰਘ ਢਿੱਲੋਂ
ਅੰਬਾਲਾ, 5 ਜੂਨ
ਹਰਿਆਣਾ ਦੇ ਮੈਡੀਕਲ ਕਾਲਜਾਂ ਵਿੱਚ ਕਰੋਨਾਵਾਇਰਸ ਮਹਾਮਾਰੀ ਦੌਰਾਨ ਇਕਰਾਰਨਾਮੇ ’ਤੇ ਰੱਖੇ ਅਤੇ ਹੁਣ ਸੇਵਾ ਮੁਕਤ ਕਰ ਦਿੱਤੇ ਗਏ ਕਰਮਚਾਰੀ ਰੁਜ਼ਗਾਰ ਬਹਾਲੀ ਦੀ ਮੰਗ ਨੂੰ ਲੈ ਕੇ ਅੱਜ ਸਿਹਤ ਮੰਤਰੀ ਅਨਿਲ ਵਿੱਜ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੰਬਾਲਾ ਛਾਉਣੀ ਪਹੁੰਚੇ, ਪਰ ਪਹਿਲਾਂ ਤੋਂ ਚੌਕਸ ਪੁਲੀਸ ਨੇ ਉਨ੍ਹਾਂ ਨੂੰ ਬੱਸ ਸਟੈਂਡ ’ਤੇ ਹੀ ਘੇਰ ਲਿਆ ਅਤੇ ਸਾਰਿਆਂ ਦੇ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਨੂੰ ਦੋ ਘੰਟਿਆਂ ਲਈ ਹਿਰਾਸਤ ’ਚ ਰੱਖਿਆ। ਇਸ ਦੌਰਾਨ ਕਰੋਨਾ ਯੋਧੇ ਸਰਕਾਰ ਅਤੇ ਸਿਹਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਸਿਹਤ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਹਰਿਆਣਾ ਰੋਡਵੇਜ਼ ਦੀਆਂ ਪੰਜ ਬੱਸਾਂ ਮੰਗਵਾ ਲਈਆਂ ਸਨ ਜਿਨ੍ਹਾਂ ਵਿਚੋਂ ਤਿੰਨ ਬੱਸਾਂ ਬੱਸ ਸਟੈਂਡ ਤੇ ਦੋ ਸਿਹਤ ਮੰਤਰੀ ਦੀ ਰਿਹਾਇਸ਼ ਕੋਲ ਖੜ੍ਹੀਆਂ ਕਰ ਦਿੱਤੀਆਂ ਗਈਆਂ। ਬੱਸ ਸਟੈਂਡ ਅਤੇ ਸਿਹਤ ਮੰਤਰੀ ਦੇ ਨਿਵਾਸ ਦੇ ਆਸ-ਪਾਸ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਦੋ ਘੰਟੇ ਬਾਅਦ ਪੁਲੀਸ ਨੇ ਕਰੋਨਾ ਯੋਧਿਆਂ ਨੂੰ ਬੱਸਾਂ ਵਿੱਚ ਬਿਠਾਇਆ ਅਤੇ ਕਰਨਾਲ ਲਿਜਾ ਕੇ ਛੱਡ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੇ ਕਰੋਨਾ ਕਾਲ ਦੌਰਾਨ ਸੇਵਾਵਾਂ ਦੇਣ ਵਾਲੇ ਇਕਰਾਰਨਾਮੇ ’ਤੇ ਰੱਖੇ ਇਨ੍ਹਾਂ ਕਰਮਚਾਰੀਆਂ ਨੂੰ 31 ਮਾਰਚ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਸੀ, ਜਿਸ ਦੇ ਵਿਰੋਧ ਵਿੱਚ ਇਹ ਕਰਮਚਾਰੀ ਜ਼ਿਲ੍ਹਾ ਪੱਧਰ ਅਤੇ ਸੂਬਾ ਪੱਧਰ ’ਤੇ ਪੰਚਕੂਲਾ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਵਿਭਾਗ ਨੇ ਜਨਰਲ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ 1383 ਕਰਮਚਾਰੀਆਂ ਨੂੰ ਬਹਾਲ ਕਰ ਦਿੱਤਾ ਪਰ ਹਰਿਆਣਾ ਦੇ ਛੇ ਮੈਡੀਕਲ ਕਾਲਜਾਂ ਵਿੱਚੋਂ ਛਾਂਟੀ ਕੀਤੇ 829 ਕਰਮਚਾਰੀਆਂ ਨੂੰ ਬਹਾਲ ਨਹੀਂ ਕੀਤਾ। ਪਤਾ ਲੱਗਾ ਹੈ ਕਿ ਛਾਉਣੀ ਦੇ ਡੀਐੱਸਪੀ ਰਾਮ ਕੁਮਾਰ ਨੇ ਸਿਹਤ ਮੰਤਰੀ ਦੇ ਘਰ ਦਾ ਘਿਰਾਓ ਕਰਨ ਆਏ ਇਨ੍ਹਾਂ ਕਰੋਨਾ ਯੋਧਿਆਂ ਦੀ ਸਿਹਤ ਮੰਤਰੀ ਅਨਿਲ ਵਿੱਜ ਨਾਲ ਜਲਦੀ ਮੁਲਾਕਾਤ ਕਰਵਾਉਣ ਦਾ ਭਰੋਸਾ ਵੀ ਦਿੱਤਾ ਹੈ।