ਸਰਬਜੋਤ ਸਿੰਘ ਦੁੱਗਲ/ਸਤਨਾਮ ਸਿੰਘ
ਕੁਰੂਕਸ਼ੇਤਰ/ਮਾਰਕੰਡਾ, 1 ਸਤੰਬਰ
ਕਰਨਾਲ ਲਾਠੀਚਾਰਜ ਤੋਂ ਬਾਅਦ ਐੱਸਐੱਚਓ ਹਰਜਿੰਦਰ ਸਿੰਘ ਖਹਿਰਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਐੱਸਐੱਚਓ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਐੱਸਐੱਚਓ ਹਰਜਿੰਦਰ ਸਿੰਘ ਦੇ ਚਾਚਾ ਡਾ. ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਜੇ ਲਾਠੀਚਾਰਜ ਸਮੇਂ ਕਿਸੇ ਖਾਸ ਭਾਈਚਾਰੇ ਨੂੰ ਛੱਡ ਕੇ ਦੂਜਿਆਂ ’ਤੇ ਲਾਠੀਆਂ ਦੀ ਵਰਤੋਂ ਕਰਦਾ ਤਾਂ ਭਾਈਚਾਰਾ ਬਦਨਾਮ ਹੋਣਾ ਸੀ। ਐੱਸਐੱਚਓ ਅਨੁਸਰ ਉਸ ਨੇ ਕੁਝ ਗ਼ਲਤ ਨਹੀਂ ਕੀਤਾ ਅਤੇ ਨਾ ਹੀ ਉਹ ਕਿਸੇ ਤੋਂ ਡਰਦਾ ਹੈ। ਡਾ. ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਕਿਸਾਨ ਹਿਤੈਸ਼ੀ ਰਿਹਾ ਹੈ। ਪਰਿਵਾਰ ਦੇ ਬਹੁਤ ਸਾਰੇ ਮੈਂਬਰ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਤਹਿਤ ਐੱਸਐੱਚਓ ਖਹਿਰਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਲਾਠੀਚਾਰਜ ਦੌਰਾਨ ਹਰਜਿੰਦਰ ਸਿੰਘ ਇੱਕ ਜਵਾਨ ਵਜੋਂ ਡਿਊਟੀ ਕਰ ਰਿਹਾ ਸੀ। ਵਾਇਰਲ ਹੋ ਰਹੀ ਵੀਡੀਓ ’ਤੇ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਹਰਜਿੰਦਰ ਸਿੰਘ ਦੀ ਵੀਡੀਓ ਹੀ ਕਿਉਂ ਵਾਇਰਲ ਹੋਈ, ਕਿਸੇ ਹੋਰ ਅਧਿਕਾਰੀ ਦੀ ਕਿਉਂ ਨਹੀਂ। ਇਹ ਸਪੱਸ਼ਟ ਹੈ ਕਿ ਉਸ ਨੂੰ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ ਹੈ। ਐੱਸਐੱਚਓ ਖਹਿਰਾ ਦੇ ਪਿਤਾ ਬੂਟਾ ਸਿੰਘ ਨੇ ਕਰਨਾਲ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਕਿਸਾਨ ਅੰਦੋਲਨ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਉਹ ਇਨੈਲੋ ਪਾਰਟੀ ਨਾਲ ਜੁੜੇ ਹੋਏ ਹਨ ਪਰ ਹੁਣ ਉਹ ਪਾਰਟੀ ਦੀਆਂ ਕਿਸੇ ਵੀ ਗਤੀਵਿਧੀਆਂ ’ਚ ਹਿੱਸਾ ਨਹੀਂ ਲੈਣਗੇ।