ਪੱਤਰ ਪ੍ਰੇਰਕ
ਪੰਚਕੂਲਾ, 15 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੂਬੇ ਵਿਚ ਜਿਨ੍ਹਾਂ ਵੀ ਬਜ਼ੁਰਗਾਂ ਦੀ ਪੈਨਸ਼ਨ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਦੀ ਤਸਦੀਕ ਦੀ ਵਜ੍ਹਾ ਨਾਲ ਕੱਟੀ ਹੈ, ਉਹ ਤੁਰੰਤ ਠੀਕ ਕਰਕੇ ਬਹਾਲ ਕੀਤਾ ਜਾਵੇ। ਅੱਜ ਰੋਹਤਕ ਦੇ ਜ਼ਿਲ੍ਹਾ ਵਿਕਾਸ ਭਵਨ ਵਿਚ ਜਨ ਸੰਵਾਦ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਇਕ ਬਿਰਧ ਮਹਿਲਾ ਨੂੰ ਆਪਣੀ ਜੇਬ੍ਹ ’ਚ 2500 ਰੁਪਏ ਦਿੱਤੇ ਅਤੇ ਅਧਿਕਾਰੀਆਂ ਨੂੰ ਤੁਰੰਤ ਉਨ੍ਹਾਂ ਦੀ ਪੈਨਸ਼ਨ ਸ਼ੁਰੂ ਕਰਨ ਦੇ ਆਦੇਸ਼ ਦਿੱਤੇ। ਰੋਹਤਕ ਦੌਰੇ ਦੌਰਾਨ ਮੁੱਖ ਮੰਤਰੀ ਨੇ ਜਨ ਸੰਵਾਦ ਪ੍ਰੋਗਰਾਮ ਵਿੱਚ ਆਮ ਜਨਤਾ ਦੀ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਬਜ਼ੁਰਗਾਂ ਦੀ ਪੈਨਸ਼ਨ ਕੱਟਣ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ। ਇਕ ਬਿਰਧ ਮਹਿਲਾ ਦੀ ਵਿਧਵਾ ਪੈਨਸ਼ਨ ਕੱਟ ਜਾਣ ਦੀ ਸਮੱਸਿਆ ਮੁੱਖ ਮੰਤਰੀ ਨੇ ਸੁਣੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਅਧਿਕਾਰੀਆਂ ਤੋਂ ਇਸ ਦਾ ਕਾਰਨ ਜਾਣਿਆ ਤੇ ਪੈਨਸ਼ਨ ਬਹਾਲੀ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਰੋਹਤਕ ਵਿੱਚ 160 ਲੋਕਾਂ ਦੀ ਪੈਨਸ਼ਨ ਕੱਟੀ ਸੀ ਜਿਨ੍ਹਾਂ ਵਿੱਚੋਂ 70 ਦੀ ਪੈਨਸ਼ਨ ਮੁੜ ਸ਼ੁਰੂ ਹੋ ਗਈ ਹੈ ਤੇ ਬਾਕੀ ਲੋਕਾਂ ਦੀ ਪੈਨਸ਼ਨ ਸ਼ਾਮ ਤੱਕ ਸ਼ੁਰੂ ਹੋ ਜਾਵੇਗੀ।