ਪੱਤਰ ਪ੍ਰੇਰਕ
ਰਤੀਆ, 4 ਅਗਸਤ
ਆਜ਼ਾਦੀ ਦਾ ਅਮ੍ਰਿੰਤ ਮਹੋਤਸਵ ਵਜੋਂ ਜਲ ਜੀਵਨ ਮਿਸ਼ਨ ਤਹਿਤ ਲੋਕਾਂ ਨੂੰ ਮੀਂਹ ਦਾ ਪਾਣੀ ਜਮ੍ਹਾਂ ਕਰਨ ਅਤੇ ਜਲ ਸੁਰੱਖਿਆ ਆਦਿ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਗ੍ਰਾਮ ਪੰਚਾਇਤ ਗੁਰੂਸਰ ਵਿੱਚ ਗ੍ਰਾਮ ਸਭਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨ ਸਿਹਤ ਵਿਭਾਗ ਦੇ ਉਪ ਮੰਡਲ ਅਧਿਕਾਰੀ ਆਂਚਲ ਜੈਨ ਨੇ ਦੱਸਿਆ ਕਿ ਵਿਭਾਗ ਵਲੋਂ ਹਰ ਪਿੰਡ ਵਿਚ ਗ੍ਰਾਮ ਸਭਾਵਾਂ ਦਾ ਪ੍ਰਬੰਧ ਕੀਤਾ ਜਾ ਜਾ ਰਿਹਾ ਹੈ। ਜਿਸ ਵਿਚ ਵਿਭਾਗ ਦੇ ਪ੍ਰਤੀਨਿਧੀਆਂ ਵਲੋਂ ਪਿੰਡ ਦੀ ਪੀਣ ਵਾਲੇ ਪਾਣੀ ਨਾਲ ਸਬੰਧਤ ਸਮੱਸਿਆਵਾਂ ਨੂੰ ਜਾਣ ਕੇ ਉਨ੍ਹਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਤਾਂ ਕਿ ਹਰ ਘਰ ਤੱਕ ਪੀਣ ਵਾਲਾ ਸਵੱਛ ਪਾਣੀ ਪਹੁੰਚੇ। ਜਲ ਜੀਵਨ ਮਿਸ਼ਨ ਤਹਿਤ ਲੋਕਾਂ ਨੂੰ ਸਵੱਛ ਜਲ ਮੁਹੱਈਆ ਕਰਵਾਉਣ ਦੇ ਨਾਲ ਨਾਲ ਜਲ ਸੁਰੱਖਿਆ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਜ਼ਿਲ੍ਹਾ ਸਲਾਹਕਾਰ ਸ਼ਰਮਾ ਚੰਦ ਲਾਲੀ ਨੇ ਦੱਸਿਆ ਕਿ ਯੋਗ ਨੌਜਵਾਨਾਂ ਦੀ ਮਦਦ ਨਾਲ ਜ਼ਿਲ੍ਹੇ ਦੇ ਪੀਣ ਵਾਲੇ ਪਾਣੀ ਦੇ ਸਾਰੇ ਕੁਨੈਕਸ਼ਨਾਂ ਨੂੰ ਪਰਿਵਾਰ ਦੇ ਪਛਾਣ ਪੱਤਰ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਸਾਰੇ ਖਪਤਕਾਰਾਂ ਨੂੰ ਵੀ ਅਪੀਲ ਹੈ ਕਿ ਇਸ ਸਬੰਧ ਵਿਚ ਸਾਰੇ ਯੋਗ ਨੌਜਵਾਨਾਂ ਦੀ ਮਦਦ ਕਰਨ ਤਾਂ ਕਿ ਜਲਦੀ ਰਤੀਆ ਇਲਾਕੇ ਦੇ ਸਾਰੇ ਘਰਾਂ ਨੂੰ ਪਰਿਵਾਰ ਪਹਿਚਾਣ ਪੱਤਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਪਾਣੀ ਨੂੰ ਵਿਅਰਥ ਨਾ ਵਹਾਉਣ ਦੀ ਅਪੀਲ ਕੀਤੀ। ਇਸ ਮੌਕੇ ਅਮਨਦੀਪ ਸਿੰਘ, ਸੀਮਾ ਰਾਣੀ, ਕੁਲਦੀਪ ਕੌਰ, ਸੁਮਨ ਰਾਣੀ, ਏਕਤਾ ਰਾਣੀ ਤੇ ਰਾਣੀ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਪਿੰਡ ਬਾੜਾ ਵਿੱਚ ਪੰਚਾਇਤ ਵਿਭਾਗ ਵੱਲੋਂ ਕੀਤੀ ਗ੍ਰਾਮ ਸਭਾ ਦੀ ਮੀਟਿੰਗ ਦੌਰਾਨ ਪਿੰਡ ਵਾਸੀਆਂ ਦਾ ਦਰਦ ਉਸ ਸਮੇਂ ਛਲਕ ਉੱਠਿਆ ਜਦੋਂ ਪਿੰਡ ਦੇ ਜਲਘਰ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦੀ ਗਲਤ ਰਿਪੋਰਟ ਹੀ ਤਿਆਰ ਕਰ ਦਿੱਤੀ। ਇਸ ਮੌਕੇ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ।