ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਅਕਤੂਬਰ
ਦੀਵਾਲੀ ਦੇ ਮੱਦੇਨਜ਼ਰ ਅੱਜ ਸਵਿੱਤਰੀ ਬਾਈ ਸੀਨੀਅਰ ਸੈਕੰਡਰੀ ਸਕੂਲ ਬਾਬੈਨ ਵਿਚ ਬੱਚਿਆਂ ਨੇ ਗਰੀਨ ਦੀਵਾਲੀ ਮਨਾਉਣ ਸਬੰਧੀ ਜਾਗਰੂਕਤਾ ਰੈਲੀ ਕਢੀ। ‘ਆਪ’ ਦੇ ਪੰਚਾਇਤੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਨਾਇਬ ਸਿੰਘ ਸੈਣੀ ਪਟਾਕ ਮਾਜਰਾ ਨੇ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਇਸ ਮਗਰੋਂ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੰਦੇ ਹੋਏ ਬੱਚੇ ਬਾਬੈਨ ਦੇ ਮੁੱਖ ਚੌਕ ’ਤੇ ਪੁਜੇ ਅਤੇ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਬੱਚਿਆਂ ਨੇ ਹੱਥਾਂ ਵਿਚ ਬੈਨਰ ਫੜ ਕੇ ਲੋਕਲ ਫਾਰ ਵੋਕਲ ਤੇ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਜਾਗਰੂਕ ਕੀਤਾ। ਸਕੂਲ ਦੇ ਪ੍ਰਬੰਧਕ ਅਕਸ਼ੈ ਸੈਣੀ ਨੇ ਕਿਹਾ ਕਿ ਗਰੀਨ ਦੀਵਾਲੀ ਦੇ ਨਾਲ ਲੋਕਲ ਫਾਰ ਵੋਕਲ ਨੂੰ ਪ੍ਰਮੋਟ ਕਰਨਾ ਹੈ ਤਾਂ ਜੋ ਵਿਦਿਆਰਥੀ ਵਿਦੇਸ਼ੀ ਚਕਾਚੌਧ ਤੋਂ ਦੂਰ ਰਹਿ ਕੇ ਦੇਸ਼ ਵਿਚ ਬਣੀਆਂ ਵਸਤਾਂ ਨੂੰ ਖਰੀਦਣ ਤੇ ਆਤਮ ਨਿਰਭਰ ਭਾਰਤ ਦਾ ਨਿਰਮਾਣ ਕਰਨ ਦਾ ਯਤਨ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਫੈਲਦਾ, ਉਸ ’ਚੋਂ ਨਿਕਲਣ ਵਾਲੇ ਧੂੰਏਂ ਕਾਰਨ ਅੱਖਾਂ ਨੂੰ ਨੁਕਸਾਨ ਤੇ ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਅੱਗ ਲਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮੁੱਖ ਉਦੇਸ਼ ਖੁਦ ਤੇ ਸਮਾਜ ਨੂੰ ਜਾਗਰੂਕ ਕਰਨਾ ਹੈ ਅਜਿਹੇ ਮੌਕੇ ਜਦੋਂ ਨਵੀਂ ਪੀੜ੍ਹੀ ਦੇ ਬੱਚੇ ਜਾਗਰੂਕਤਾ ਦਾ ਸੰਦੇਸ਼ ਦੇਣ ਤਾਂ ਸਿੱਖਿਆ ਦਾ ਮੂਲ ਉਦੇਸ਼ ਸਮਾਜ ਦੇ ਸਾਹਮਣੇ ਆਉਂਦਾ ਹੈ। ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਦੇ ਨਾਲ-ਨਾਲ ਸਾਫ਼ ਵਾਤਾਵਰਨ ਵੀ ਹਾਸਲ ਕਰਨ ਦਾ ਹੱਕਾ ਹੈ।