ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਜੁਲਾਈ
ਅੰਬਾਲਾ ਛਾਉਣੀ ਨਗਰ ਪਰਿਸ਼ਦ ਵੱਲੋਂ ਰਿਹਾਇਸ਼ੀ ਖੇਤਰ ਲਾਲ ਕੁੜਤੀ ਵਿੱਚ ਅਣ-ਅਧਿਕਾਰਤ ਤੌਰ ’ਤੇ ਬਣੇ ਹੋਟਲ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸੁਰੱਖਿਆ ਦੇ ਲਿਹਾਜ਼ ਨਾਲ ਥਾਣਾ ਪੜਾਓ ਦੇ ਇੰਚਾਰਜ ਸੂਰਜ ਚਾਵਲਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪੁਲੀਸ ਮੌਜੂਦ ਰਹੀ ਜਦਕਿ ਨਾਇਬ ਤਹਿਸੀਲਦਾਰ ਯਸ਼ਵੰਤ ਸਿੰਘ ਨੂੰ ਬਤੌਰ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤਾ ਗਿਆ ਸੀ। ਨਗਰ ਪਰਿਸ਼ਦ ਸਕੱਤਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਸ਼ਾਮ ਤੱਕ ਹੋਟਲ ਸਟਾਰ 99, ਵੈੱਲਕਮ ਲੌਂਜ, ਸੁਪਰਫਾਈਨ ਕੰਪਲੈਕਸ ਸਮੇਤ ਕਈ ਹੋਰ ਹੋਟਲ ਸੀਲ ਕੀਤੇ ਜਾ ਚੁੱਕੇ ਸਨ। ਸੰਚਾਲਕਾਂ ਦੇ ਵਿਰੋਧ ਦੇ ਬਾਵਜੂਦ ਹੋਟਲ ਸੀਲ ਕਰਨ ਦੀ ਕਾਰਵਾਈ ਜਾਰੀ ਰਹੀ। ਇਸ ਦੌਰਾਨ ਕਈ ਹੋਟਲ ਸੰਚਾਲਕਾਂ ਨੇ ਕੋਰਟ ਵੱਲੋਂ ਮਿਲੇ ਸਟੇਅ ਦੀਆਂ ਕਾਪੀਆਂ ਵੀ ਦਿਖਾਈਆਂ ਜਿਨ੍ਹਾਂ ਵਿੱਚ ਸੀਲਿੰਗ ਬਾਰੇ ਕੋਈ ਹੁਕਮ ਨਹੀਂ ਸੀ।