ਆਤਿਸ਼ ਗੁਪਤਾ
ਚੰਡੀਗੜ੍ਹ, 2 ਜੂਨ
ਹਰਿਆਣਾ ਵਿੱਚ ਰਾਜ ਸਭਾ ਦੀਆਂ ਦੋ ਸੀਟਾਂ ਲਈ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰ ਆਏ ਹਨ, ਜਿਸ ਨਾਲ ਰਾਜ ਸਭਾ ਦੀ ਚੋਣ ਦਿਲਚਸਪ ਹੋ ਗਈ ਹੈ। ਰਾਜ ਸਭਾ ਮੈਂਬਰ ਦੀ ਚੋਣ ਲਈ ਭਾਜਪਾ ਵੱਲੋਂ ਕ੍ਰਿਸ਼ਨ ਲਾਲ ਪੰਵਾਰ ਅਤੇ ਕਾਂਗਰਸ ਪਾਰਟੀ ਵੱਲੋਂ ਅਜੈ ਮਾਕਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦੋਂ ਕਿ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੇ ਪੁੱਤਰ ਕਾਰਤੀਕੇਅ ਸ਼ਰਮਾ ਦੇ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿੱਚ ਆਉਣ ਨਾਲ ਕਾਂਗਰਸ ਪਾਰਟੀ ਦਾ ਗਣਿਤ ਵਿਗੜ ਗਿਆ ਹੈ। ਕਾਂਗਰਸ ਨੂੰ ਵੋਟਿੰਗ ਵਿੱਚ ਆਪਣੇ ਵਿਧਾਇਕਾਂ ਦੇ ਥਿੜਕਣ ਦੀ ਚਿੰਤਾ ਸਤਾ ਰਹੀ ਹੈ।
ਕਾਂਗਰਸ ਪਾਰਟੀ ਰਾਜ ਸਭਾ ਮੈਂਬਰਾਂ ਦੀ ਚੋਣ ਵਿੱਚ ਆਪਣੇ ਵਿਧਾਇਕਾਂ ਨੂੰ ਥਿੜਕਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਇਸੇ ਲਈ ਕਾਂਗਰਸ ਪਾਰਟੀ ਦੇ 31 ਵਿੱਚੋਂ 28 ਵਿਧਾਇਕਾਂ ਨੂੰ ਛੱਤੀਸਗੜ੍ਹ ਦੇ ਰਾਏਪੁਰ ਲਈ ਰਵਾਨਾ ਕਰ ਦਿੱਤਾ ਗਿਆ ਹੈ, ਜਦੋਂ ਕਿ ਤਿੰਨ ਵਿਧਾਇਕ ਅਜੇ ਤੱਕ ਰਾਏਪੁਰ ਨਹੀਂ ਗਏ ਹਨ। ਰਾਏਪੁਰ ਭੇਜੇ ਗਏ ਇਨ੍ਹਾਂ ਵਿਧਾਇਕਾਂ ਨੂੰ 10 ਜੂਨ ਨੂੰ ਰਾਜ ਸਭਾ ਲਈ ਹੋਣ ਵਾਲੀ ਵੋਟਿੰਗ ਵੇਲੇ ਹੀ ਚੰਡੀਗੜ੍ਹ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਹਰਿਆਣਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਪਾਰਟੀ ਦੇ 31 ਵਿਧਾਇਕਾਂ ਨੂੰ ਦਿੱਲੀ ਵਿੱਚ ਮੀਟਿੰਗ ਲਈ ਸੱਦਿਆ ਸੀ। ਮੀਟਿੰਗ ਵਿੱਚ ਕੁਲਦੀਪ ਬਿਸ਼ਨੋਈ, ਕਿਰਨ ਚੌਧਰੀ ਅਤੇ ਚਿਰੰਜੀਵ ਰਾਓ ਨਹੀਂ ਪਹੁੰਚੇ ਸਨ ਜਦਕਿ ਬਾਕੀ 28 ਵਿਧਾਇਕ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਰਾਜ ਸਭਾ ਚੋਣਾਂ ਵਿੱਚ ਜਿੱਤ ਲਈ 30 ਵਿਧਾਇਕਾਂ ਦੀ ਲੋੜ ਹੈ, ਜਦੋਂ ਕਿ ਭਾਜਪਾ ਕੋਲ 40 ਵਿਧਾਇਕ ਹੋਣ ਕਰ ਕੇ ਭਗਵਾਂ ਪਾਰਟੀ ਬਿਨਾ ਕਿਸੇ ਡਰ ਤੋਂ ਆਰਾਮ ਨਾਲ ਬੈਠੀ ਹੈ। ਕਾਂਗਰਸ ਪਾਰਟੀ ਕੋਲ 31 ਵਿਧਾਇਕ ਹਨ, ਪਰ ਕੁਲਦੀਪ ਬਿਸ਼ਨੋਈ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਅੱਜ ਕਿਰਨ ਚੌਧਰੀ ਤੇ ਚਿਰੰਜੀਵ ਰਾਓ ਦੇ ਮੀਟਿੰਗ ਵਿੱਚ ਹਾਜ਼ਰ ਨਾ ਹੋਣ ਕਰ ਕੇ ਕਾਂਗਰਸ ਪਾਰਟੀ ਦੀ ਚਿੰਤਾ ਹੋਰ ਵਧ ਗਈ ਹੈ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਕਾਰਤੀਕੇਅ ਸ਼ਰਮਾ ਦੇ ਪਿਤਾ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਨੇ ਲੰਬਾ ਸਮਾਂ ਭੁਪਿੰਦਰ ਸਿੰਘ ਹੁੱਡਾ ਸਣੇ ਹੋਰ ਆਗੂਆਂ ਨਾਲ ਕੰਮ ਕੀਤਾ ਹੈ, ਜਿਸ ਕਰ ਕੇ ਕਾਂਗਰਸ ਨੂੰ ਵੋਟਾਂ ਇੱਧਰ-ਉੱਧਰ ਜਾਣ ਦਾ ਡਰ ਸਤਾ ਰਿਹਾ ਹੈ। ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕ ਇਕੱਠੇ ਹਨ ਅਤੇ ਰਾਜ ਸਭਾ ਚੋਣ ਵਿੱਚ ਜਿੱਤ ਅਜੈ ਮਾਕਨ ਦੀ ਹੀ ਹੋਵੇਗੀ। ਦੂਜੇ ਪਾਸੇ ਆਜ਼ਾਦ ਉਮੀਦਵਾਰ ਕਾਰਤੀਕੇਅ ਸ਼ਰਮਾ ਦੀ ਹਮਾਇਤ ਵਿੱਚ ਜੇਜੇਪੀ ਆਪਣੇ 10 ਵਿਧਾਇਕਾਂ ਸਮੇਤ ਖੜ੍ਹੀ ਹੋ ਗਈ ਹੈ। ਇਸ ਤੋਂ ਇਲਾਵਾ ਕਾਰਤੀਕੇਅ ਵੱਲੋਂ ਆਜ਼ਾਦ ਉਮੀਦਵਾਰਾਂ ਅਤੇ ਕੁਝ ਕਾਂਗਰਸੀ ਵਿਧਾਇਕਾਂ ਦੇ ਸੰਪਰਕ ਵਿੱਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾਉਣ ਲਈ ਭਾਜਪਾ ਦੇ ਕੁਝ ਵਿਧਾਇਕ ਵੀ ਆਜ਼ਾਦ ਉਮੀਦਵਾਰ ਕਾਰਤੀਕੇਅ ਸ਼ਰਮਾ ਦੇ ਪੱਖ ਵਿੱਚ ਭੁਗਤ ਸਕਦੇ ਹਨ।