ਪੱਤਰ ਪ੍ਰੇਰਕ
ਫਰੀਦਾਬਾਦ, 14 ਮਈ
ਪੰਜਾਬੀ ਵਾੜਾ ਡਰੇਨ ਮੁਕਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਸੂਬੇ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਹੁਣ ਪੰਜਾਬੀ ਵਾੜਾ ਡਰੇਨ ਮੁਕਤ ਹੋਵੇਗਾ ਤੇ ਇੱਥੇ ਸੀਵਰੇਜ ਸਿਸਟਮ ਤੇ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਲਾਈਨ ਵਿਛਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਬਰਸਾਤ ਦੇ ਮੌਸਮ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਤੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਦੇ ਸਹਿਯੋਗ ਨਾਲ ਵਿਕਾਸ ਕਾਰਜ ਤੇਜ਼ ਰਫ਼ਤਾਰ ਨਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕਰੀਬ 50 ਸਾਲ ਪੁਰਾਣੀ ਸੀਵਰ ਲਾਈਨ ਬਦਲਣ ਕਾਰਨ ਪੰਜਾਬੀ ਵਾੜਾ ਦੇ ਲੋਕਾਂ ਨੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੱਲਭਗੜ੍ਹ ਵਿੱਚ ਯਮੁਨਾ ਤੋਂ ਮਿੱਠੇ ਬਰਸਾਤੀ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਪੰਜਾਬੀ ਵਾੜੇ ਤੋਂ ਬਾਅਦ ਬ੍ਰਾਹਮਣਵਾੜਾ ਨੂੰ ਵੀ ਡਰੇਨ ਮੁਕਤ ਬਣਾਇਆ ਜਾਵੇਗਾ।