ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 11 ਮਈ
ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁਜਰ ਨੇ ਕਿਹਾ ਕਿ ਦੇਸ਼ ’ਚ ਜਦੋਂ ਵੀ ਕੋਈ ਤਬਾਹੀ ਆਈ ਹੈ, ਭਾਰਤੀ ਫੌਜ ਹਮੇਸ਼ਾ ਢਾਲ ਬਣ ਕੇ ਖੜੀ ਹੈ। ਕੇਂਦਰੀ ਰਾਜ ਮੰਤਰੀ ਮੰਗਲਵਾਰ ਨੂੰ ਪਿੰਡ ਚਯਾਨਸਾ ਵਿੱਚ ਸ੍ਰੀ ਅਟਲ ਬਿਹਾਰੀ ਵਾਜਪਾਈ ਕੋਵਿਡ-19 ਮੈਡੀਕਲ ਕਾਲਜ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ 100 ਆਕਸੀਜਨ ਬੈੱਡ ਦਾ ਇਹ ਕੋਵਿਡ-19 ਹਸਪਤਾਲ ਭਾਰਤੀ ਫੌਜ ਦੀ ਪੱਛਮੀ ਕਮਾਂਡ ਦੁਆਰਾ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੀ ਪੂਰੀ ਵਿਵਸਥਾ ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਕੀਤੀ ਹੈ। ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਅਟਲ ਬਿਹਾਰੀ ਕੋਵਿਡ-19 ਮੈਡੀਕਲ ਕਾਲਜ ਵਿੱਚ 30 ਵੈਂਟੀਲੇਟਰਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਲਈ 300 ਆਕਸੀਜਨ ਗੈਸ ਸਿਲੰਡਰ ਦਾ ਪ੍ਰਬੰਧ ਕੀਤਾ ਗਿਆ ਹੈ। ਹਸਪਤਾਲ ’ਚ 24 ਘੰਟੇ ਦੀ ਐਂਬੂਲੈਂਸ ਸੇਵਾ, ਆਕਸੀਜਨ ਦਾ ਨਿਰਵਿਘਨ ਸਿਸਟਮ ਵੀ ਚਲਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸੈਨਾ ਦੇ ਸਹਿਯੋਗ ਨਾਲ ਸਥਾਨਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੈਨਾ ਦੇ ਪੱਛਮੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਨਿੰਦਰ ਸਿੰਘ ਦੀ ਅਗਵਾਈ ਹੇਠ ਸੈਨਾ ਵੱਲੋਂ ਅੱਜ ਕੋਵਿਡ-19 ਮੈਡੀਕਲ ਕਾਲਜ ਚਲਾਇਆ ਗਿਆ ਹੈ। ਡਿਪਟੀ ਕਮਿਸ਼ਨਰ ਯਸ਼ਪਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਤੇ 30 ਵੈਂਟੀਲੇਟਰ ਬੈੱਡ ਵੀ ਪਹੁੰਚ ਚੁੱਕੇ ਹਨ। ਡੀਸੀ ਨੇ ਦੱਸਿਆ ਕਿ ਪਹਿਲੇ ਪੜਾਅ ’ਚ ਇਹ 100 ਬਿਸਤਰਿਆਂ ਵਾਲਾ ਕੋਵਿਡ-19 ਹਸਪਤਾਲ ਬਣਾਇਆ ਗਿਆ ਹੈ। ਅਗਲੇ ਇੱਕ ਮਹੀਨੇ ’ਚ 100 ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਇਥੋਂ ਰੈਫ਼ਰ ਕੀਤੇ ਮਰੀਜ਼ਾਂ ਨੂੰ ਈਐੱਸਆਈ ਮੈਡੀਕਲ ਕਾਲਜ ਐੱਨਆਈਟੀ-5 ਫਰੀਦਾਬਾਦ ਰੈਫਰ ਕੀਤਾ ਜਾਵੇਗਾ। ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਵਾਈਐੱਸਐੱਮ ਵੀਐੱਸਐੱਨ ਸੀਓਐੱਸ ਪੱਛਮੀ ਕਮਾਂਡ ਨੇ ਕਿਹਾ ਕਿ ਭਾਰਤੀ ਸੈਨਾ ਦੇ ਡਾਕਟਰਾਂ ਕੋਲ ਕੋਵਿਡ-19 ਦੇ ਇਲਾਜ ਦਾ ਤਜਰਬਾ ਹੈ। ਇਸ ਸਮੇਂ 10 ਡਾਕਟਰਾਂ ਤੇ ਹੋਰ ਨਰਸਿੰਗ ਸਟਾਫ ਦੀ ਟੀਮ ਪੂਰੀ ਤਰ੍ਹਾਂ ਆਰਮੀ ਦੀ ਹੋਵੇਗੀ। ਹਸਪਤਾਲ ’ਚ 300 ਗੈਸ ਸਿਲੰਡਰ ਹਨ।