ਪੱਤਰ ਪ੍ਰੇਰਕ
ਪਿਹੋਵਾ, 30 ਸਤੰਬਰ
ਅੰਬਾਲਾ ਰੋਡ ’ਤੇ ਸਥਿਤ ਪਿੰਡ ਸਰਸਵਤੀ ਖੇੜਾ ਕਲੋਨੀ ਵਿੱਚ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਹ ਜੋੜਾ ਕਿਸੇ ਮੌਤ ਦੇ ਸੋਗ ਵਿੱਚ ਸ਼ਾਮਲ ਹੋਣ ਲਈ ਪੰਜਾਬ ਤੋਂ ਰਿਸ਼ਤੇਦਾਰੀ ਵਿੱਚ ਆਇਆ ਹੋਇਆ ਸੀ। ਕਲੋਨੀ ਵਾਸੀਆਂ ਨੇ ਦੱਸਿਆ ਕਿ ਇੱਥੇ ਰਹਿੰਦੇ ਹਰਬੰਸ ਸਿੰਘ ਦੀ ਮਾਤਾ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਜਿਨ੍ਹਾਂ ਦਾ ਸ਼ੁੱਕਰਵਾਰ ਨੂੰ ਭੋਗ ਸੀ। ਹਰਬੰਸ ਦਾ ਰਿਸ਼ਤੇਦਾਰ ਜੋਗਾ ਸਿੰਘ ਅਤੇ ਉਸ ਦੀ ਪਤਨੀ ਬਹਾਦਰਗੜ੍ਹ, ਪਟਿਆਲਾ ਪੰਜਾਬ ਤੋਂ ਇੱਥੇ ਆਏ ਹੋਏ ਸਨ ਅਤੇ ਬੀਤੀ ਰਾਤ ਛੱਤ ਡਿੱਗਣ ਕਾਰਨ ਮਲਬੇ ਹੇਠ ਦੱਬ ਗਏ। ਗੁਆਂਢੀਆਂ ਨੇ ਜੋੜੇ ਨੂੰ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ ਅਤੇ ਹਾਦਸੇ ਦੀ ਰਿਪੋਰਟ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।