ਸਿਰਸਾ: ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਆਗੂਆਂ ਨੇ ਪਿਛਲੇ ਦਿਨੀਂ ਦੁਬਈ ’ਚ ਹੋਏ ਇੰਟਰਨੈਸ਼ਨਲ ਪ੍ਰੋ-ਲੀਗ ਕੱਬਡੀ ਟੂਰਨਾਮੈਂਟ ਵਿੱਚ ਸੋਨ ਤਗਮਾ ਜੇਤੂ ਖਿਡਾਰਨ ਲਵਪ੍ਰੀਤ ਕੌਰ ਦੇ ਸਿਰਸਾ ਪੁੱਜਣ ’ਤੇ ਉਸ ਨੂੰ ਫੁੱਲਾਂ ਦੇ ਹਾਰ ਪਾ ਕੇ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜੇਤੂ ਖਿਡਾਰਨ ਨੂੰ ਕਿਸਾਨ ਆਗੂਆਂ ਤੋਂ ਇਲਾਵਾ ਹੋਰ ਵੱਖ-ਵੱਖ ਜਥੇਬੰਦੀਆਂ ਤੇ ਪਤਵੰਤੇ ਲੋਕਾਂ ਨੇ ਸਨਮਾਨਿਤ ਕੀਤਾ ਤੇ ਸੋਨ ਤਗਮਾ ਜਿੱਤਣ ’ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ, ਵਿਨੋਦ ਜਾਂਦੂ ਬੱਕਰੀਆਂਵਾਲੀ, ਗੁਰਮੀਤ ਸਿੰਘ ਨਕੌੜਾ, ਨੱਥਾ ਸਿੰਘ ਝੋਰੜਰੋਹੀ, ਭਗਵੰਤ ਸਿੰਘ ਸਰਪੰਚ ਪ੍ਰਤੀਨਿਧੀ ਤੇ ਗੁਰਨੈਬ ਸਿੰਘ ਅਲੀਕਾਂ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ