ਰਤਨ ਸਿੰਘ ਢਿੱਲੋਂ
ਅੰਬਾਲਾ, 22 ਮਾਰਚ
ਅੰਬਾਲਾ ਜ਼ਿਲ੍ਹੇ ਦੇ ਦੁਰਾਣਾ ਤੋਂ ਬਾਅਦ ਹੁਣ ਸਾਹਾ ਵਿੱਚ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ਫੜੀ ਗਈ ਹੈ। ਆਬਕਾਰੀ ਵਿਭਾਗ ਅਤੇ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਦੇਰ ਰਾਤ ਸਾਹਾ ਵਿੱਚ ਇਕ ਕੋਠੀ ਵਿੱਚ ਛਾਪਾ ਮਾਰਿਆ।
ਇਸ ਦੀ ਭਿਣਕ ਪੈਂਦਿਆਂ ਹੀ ਕੋਠੀ ਵਿੱਚ ਮੌਜੂਦ ਮੁਲਜ਼ਮ ਫਰਾਰ ਹੋ ਗਏ। ਟੀਮ ਨੇ ਕੋਠੀ ਦੀ ਕਈ ਘੰਟੇ ਜਾਂਚ ਕੀਤੀ, ਇਸ ਤੋਂ ਬਾਅਦ ਕੋਠੀ ਵਿੱਚ ਰੱਖੀਆਂ ਪਲਸਾਟਿਕ ਦੀਆਂ ਟੈਂਕੀਆਂ ਵਿੱਚੋਂ ਸੈਂਕੜੇ ਲਿਟਰ ਕੈਮੀਕਲ, ਦੇਸੀ ਸ਼ਰਾਬ ਦੀਆਂ ਖਾਲੀ ਬੋਤਲਾਂ, ਰੈਪਰ ਅਤੇ ਢੱਕਣ ਆਦਿ ਬਰਾਮਦ ਕੀਤੇ।
ਸਾਹਾ ਦੇ ਐੱਸਐੱਚਓ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਫੈਕਟਰੀ ਸਬੰਧੀ ਜਾਣਕਾਰੀ ਕੁਰੂਕਸ਼ੇਤਰ ਪੁਲੀਸ ਕੋਲੋਂ ਮਿਲੀ ਸੀ ਕਿ ਇੱਥੇ ਨਕਲੀ ਸ਼ਰਾਬ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਤੋਂ ਬਾਅਦ ਛਾਪਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਅਜੇ ਜਾਂਚ ਚੱਲ ਰਹੀ ਹੈ ਜਿਸ ਦੇ ਮੁਕੰਮਲ ਹੁੰਦਿਆਂ ਹੀ ਮਾਮਲਾ ਦਰਜ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਦੁਰਾਣਾ ਵਿੱਚ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਅਤੇ ਪੁਲੀਸ ਨੇ ਇਸ ਸਬੰਧੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਸ਼ਰਾਬ ਬਣਾਉਣ ਦਾ ਕੈਮੀਕਲ ਤੇ ਹੋਰ ਸਾਮਾਨ ਬਰਾਮਦ ਕੀਤਾ ਸੀ।