ਪੱਤਰ ਪ੍ਰੇਰਕ
ਯਮੁਨਾਨਗਰ, 22 ਫਰਵਰੀ
ਸ਼ਹਿਰ ਦੀ ਬੁੱਟਰ ਕਲੋਨੀ ਵਿੱਚ ਨਕਾਬਪੋਸ਼ ਵਿਅਕਤੀ ਅਤੇ ਮਹਿਲਾ ਨੇ ਘਰ ਵਿੱਚ ਇਕੱਲੀ 14 ਸਾਲ ਲੜਕੀ ਨੂੰ ਬੰਦੀ ਬਣਾ ਕੇ ਘਰ ਦੀ ਅਲਮਾਰੀ ਵਿੱਚ ਰੱਖੀ ਨਕਦੀ ਅਤੇ ਗਹਿਣੇ ਲੁੱਟ ਲਏ। ਪੁਲੀਸ ਨੇ ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ । ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਬੁੱਟਰ ਵਿਹਾਰ ਕਲੋਨੀ ਵਾਸੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਯੂਪੀ ਗਈ ਹੋਈ ਸੀ ਅਤੇ ਉਹ ਕੰਮ ’ਤੇ ਗਿਆ ਸੀ । ਸਵੇਰੇ 11 ਵਜੇ ਨਕਾਬਪੋਸ਼ ਅਤੇ ਮਹਿਲਾ ਆਏ ਅਤੇ ਉਸ ਦੀ ਲੜਕੀ ਨੂੰ ਸੂਟ ਵਿਖਾਉਣ ਲਈ ਕਹਿਣ ਲੱਗੇ ਜਿਵੇਂ ਹੀ ਉਹ ਚਾਬੀ ਲੈਣ ਲਈ ਕਮਰੇ ਵਿੱਚ ਗਈ ਤਾਂ ਮੁਲਜ਼ਮਾਂ ਨੇ ਉਸ ਦੀ ਗਰਦਨ ’ਤੇ ਚਾਕੂ ਰਖ ਦਿੱਤਾ ਅਤੇ ਬੰਦੀ ਬਣਾ ਕੇ ਅਲਮਾਰੀ ਵਿੱਚ ਪਏ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ । ਲੜਕੀ ਦੀਆਂ ਆਵਾਜ਼ਾਂ ਸੁਣ ਗੁਆਂਢੀ ਕਿਰਾਏਦਾਰਾਂ ਨੇ ਉਸ ਨੂੰ ਖੋਲ੍ਹਿਆ ਤੇ ਪੁਲੀਸ ਨੂੰ ਸੂਚਨਾ ਦਿੱਤੀ। ਥਾਣਾ ਫਰਖਪੁਰ ਦੇ ਇੰਚਾਰਜ ਅਨਿਲ ਰਾਣਾ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਲੁੱਟਮਾਰ ਕਰਨ ਅਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ।