ਪੱਤਰ ਪ੍ਰੇਰਕ
ਯਮੁਨਾਨਗਰ, 30 ਅਕਤੂਬਰ
ਹਰਿਆਣਾ ਦੇ ਬੱਲਭਗੜ੍ਹ ਵਿੱਚ ਚਾਰ ਦਿਨ ਪਹਿਲਾਂ ਇੱਕ ਨਿੱਜੀ ਕਾਲਜ ਦੀ ਵਿਦਿਆਰਥਣ ਨਿਕਿਤਾ ਤੋਮਰ ਦੀ ਦਿਨ ਦਿਹਾੜੇ ਇੱਕ ਮੁਸਲਿਮ ਲੜਕੇ ਵੱਲੋਂ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਕਈ ਹਿੰਦੂ ਅਤੇ ਸਮਾਜਕ ਜਥੇਬੰਦੀਆਂ ਜਿਨ੍ਹਾਂ ’ਚ ਉਤਰੀ ਭਾਰਤ ਹਿੰਦੂ ਜਾਗਰਣ ਮੰਚ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਗਊ ਨਿਆਸ, ਅੰਬੇਡਕਰ ਯੁਵਾ ਪਰਿਸ਼ਦ ਦੇ ਵਰਕਰ ਸ਼ਾਮਿਲ ਸਨ ਨੇ ਮਿਨੀ ਸਕੱਤਰੇਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਲਵ ਜਹਾਦ ਦਾ ਪੁਤਲਾ ਫੂਕਿਆ। ਇਸ ਦੌਰਾਨ ਸੰਗਠਨਾਂ ਦੇ ਪ੍ਰਤਿਨਿਧੀਆਂ ਨੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਂ ਤੇ ਯਾਦ ਪੱਤਰ ਸੌਂਪਿਆ ਅਤੇ ਇਹ ਕੇਸ ਫਾਸਟ ਟਰੈਕ ਵਿੱਚ ਚਲਾ ਕੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਦਾ ਸਜਾ ਦੇਣ ਦੀ ਮੰਗ ਕੀਤੀ ਗਈ । ਹਿੰਦੂ ਸਗਠਨਾਂ ਦੇ ਪ੍ਰਤਿਨਿਧੀ ਪੰਡਿਤ ਉਦੇਵੀਰ ਸ਼ਾਸਤਰੀ ਨੇ ਕਿਹਾ ਕਿ ਨਿਕਿਤਾ ਤੋਮਰ ਨੂੰ ਲਵ ਜ਼ਿਹਾਦ ਦਾ ਸ਼ਿਕਾਰ ਬਣਾਊਣ ਦੀ ਕੋਸ਼ਿਸ ਕੀਤੀ ਗਈ ਜਦੋਂ ਉਹ ਉਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਈ ਤਾਂ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ । ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਪਾਕਿਸਤਾਨ ਵਿੱਚ ਸੁਨਣ ਅਤ ਵੇਖਣ ਨੂੰ ਮਿਲਦੀਆਂ ਸਨ ਪਰ ਹੁਣ ਭਾਰਤ ਵਿੱਚ ਵੀ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਇਸ ਤਰ੍ਹਾਂ ਦੇ ਮਾਮਲੇ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜਨੀਤਕ ਰਸੂਖ ਦੇ ਚਲਦਿਆਂ ਆਮ ਤੌਰ ’ਤੇ ਨਿਆਂ ਦੇਰੀ ਨਾਲ ਮਿਲਦਾ ਹੈ ਇਸ ਲਈ ਸਰਕਾਰ ਨੂੰ ਸੰਸਦ ਵਿੱਚ ਇੱਕ ਪ੍ਰਭਾਵੀ ਕਾਨੂੰਨ ਪਾਸ ਕਰਨਾ ਚਾਹੀਦਾ ਹੈ।
ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ
ਫਰੀਦਾਬਾਦ(ਪੱਤਰ ਪ੍ਰੇਰਕ): ਇਥੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਕਾਰਜਕਾਰੀ ਪ੍ਰਧਾਨ ਪ੍ਰੀਤੀ ਭਾਰਦਵਾਜ ਦਲਾਲ ਨੇ ਨਿਕਿਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਰੀਦਾਬਾਦ ਦੀ ਵਿਦਿਆਰਥਣ ਨਿਕਿਤਾ ਦੀ ਹੱਤਿਆ ਮਾਮਲੇ ’ਚ ਹਰਿਆਣਾ ਮਹਿਲਾ ਕਮਿਸ਼ਨ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਵੀ ਇਸ ਮਾਮਲੇ ਨੂੰ ‘ਫਾਸਟ ਟਰੈਕ’ ਅਦਾਲਤ ਵਿੱਚ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰੀਤੀ ਭਾਰਦਵਾਜ ਦਲਾਲ ਨੇ ਕਿਹਾ ਕਿ ਉਹ ਇਸ ਘਟਨਾ ਸਬੰਧੀ ਫਰੀਦਾਬਾਦ ਦੇ ਪੁਲੀਸ ਕਮਿਸ਼ਨਰ ਓਪੀ ਸਿੰਘ ਨੂੰ ਮਿਲੀ ਸੀ। ਪੁਲੀਸ ਕਮਿਸ਼ਨਰ ਨੇ ਉਨ੍ਹਾਂ ਨੂੰ ਇਸ ਸਬੰਧੀ ਹੁਣ ਤੱਕ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਚਾਰਜਸ਼ੀਟ ਦਾਇਰ ਕੀਤੀ ਜਾਏਗੀ। ਉਸਨੇ ਕਿਹਾ ਕਿ ਉਹ ਨਿਕਿਤਾ ਦੀ ਮਾਂ ਤੇ ਪਿਤਾ ਨੂੰ ਵੀ ਮਿਲ ਚੁੱਕੀ ਹੈ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਮੌਕੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਉਧਰ ਪੁਲੀਸ ਵੱਲੋਂ ਸਾਰੇ ਅਹਿਮ ਸਬੂਤ ਇਕੱਠੇ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੈ।