ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਅਪਰੈਲ
ਇਥੇ ਪਿੰਡ ਯਾਰਾ ਵਿੱਚ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਵਿੱਚ ਪੰਜਾਬ ਨੇਪਾਲ, ਬਿਹਾਰ, ਯੂਪੀ ਤੇ ਦਿੱਲੀ ਤੋਂ ਇਲਾਵਾ ਹੋਰ ਆਏ ਸੈਂਕੜੇ ਪਹਿਲਵਾਨਾਂ ਨੇ ਦਮਖਮ ਦਿਖਾਇਆ। ਦੰਗਲ ਵਿੱਚ ਸਮਾਜ ਸੇਵੀ ਸੰਦੀਪ ਗਰਗ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਦੰਗਲ ਦਾ ਪ੍ਰਬੰਧ ਪਹਿਲਵਾਨ ਸ਼ਾਮ ਸੁੰਦਰ ਵੱਲੋਂ ਕਰਾਇਆ ਗਿਆ। ਇਸ ਮੌਕੇ ਗਰਗ ਨੇ ਪਹਿਲਵਾਨਾਂ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕ ਿਹਾ ਕਿ ਪਿੰਡਾਂ ਵਿੱਚ ਲੱਗਣ ਵਾਲੇ ਦੰਗਲਾਂ ਵਿੱਚ ਹੋਣ ਵਾਲੀ ਕੁਸ਼ਤੀ ਪ੍ਰਾਚੀਨ ਸਭਿਆਚਾਰ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਦੰਗਲ ਪ੍ਰਾਚੀਨ ਸਮੇਂ ਤੋਂ ਹੀ ਰਾਜੇ ਮਹਾਰਾਜੇ ਦੇ ਜ਼ਮਾਨਿਆਂ ਤੋਂ ਹੀ ਭਾਰਤ ਦੇਸ਼ ਵਿੱਚ ਪ੍ਰਚਲਿੱਤ ਸਨ। ਇਸ ਨਾਲ ਲੋਕਾਂ ਦਾ ਮਨੋਰੰਜਨ ਤਾਂ ਹੁੰਦਾ ਹੀ ਹੈ ਸਗੋਂ ਨੌਜਵਾਨ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚੇ ਰਹਿੰਦੇ ਹਨ। ਸ੍ਰੀ ਗਰਗ ਨੇ ਕਿਹਾ ਕਿ ਭਾਰਤ ਦੇ ਕਾਰਨ ਹੀ ਅੱਜ ਕੁਸ਼ਤੀ ਦੀ ਖੇਡ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਮਿਲੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨਾਂ ਕਰਕੇ ਪੇਂਡੂ ਪੱਧਰ ’ਤੇ ਜਿੱਥੇ, ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ, ਉਥੇ ਪੁਰਾਣੇ ਸਭਿਆਚਾਰ ਨੂੰ ਜੀਊਂਦਾ ਰੱਖਣ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਨਸ਼ਿਆਂ ਵਰਗੀਆਂ ਬੁਰਾਈਆਂ ਨੂੰ ਤਿਆਗ ਕੇ ਨੌਜਵਾਨ ਵਰਗ ਆਪਣੀਆਂ ਪ੍ਰਾਚੀਨ ਖੇਡਾਂ ਪ੍ਰਤੀ ਰੁਚੀ ਦਿਖਾਏ ਤਾਂ ਜੋ ਇਹ ਖੇਡ ਲੁਪਤ ਨਾ ਹੋਵੇ।
ਦੰਗਲ ਵਿੱਚ ਪਹਿਲਵਾਨ ਵਿਕਰਮ ਧਨੌਰਾ ਨੇ ਪਹਿਲਵਾਨ ਕ੍ਰਿਸ਼ਨ ਨੂੰ ਹਰਾਇਆ। ਨਵਨੀਤ ਪਹਿਲਵਾਨ ਕਲਿਆਣਾ ਨੇ ਰਜਤ ਅਸੰਧ ਨੂੰ ਹਰਾਇਆ ਅਤੇ ਅਸ਼ੋਕ ਜਲੂਬੀ ਨੇ ਵਿਕੀ ਨੂੰ ਹਰਾਇਆ। ਇਸ ਮੌਕੇ ਸਤਬੀਰ ਯਾਰਾ, ਮਾਂਗੇ ਰਾਮ, ਬਨੇਸ਼ ਸ਼ਰਮਾ, ਨਰੇਸ਼ ਬਾਬਾ, ਸਵਰਣ ਸ਼ਾਹਬਾਦ, ਸੁਖਜੀਤ ਵਿਰਕ , ਮਨੀਸ਼ ਸ਼ਰਮਾ, ਪੰਕਜ ਸ਼ਰਮਾ, ਜੰਗਸ਼ੇਰ ਸਿੰਘ ਆਦਿ ਤੋਂ ਇਲਾਵਾ ਕਈ ਦੰਗਲ ਪ੍ਰੇਮੀ ਮੌਜੂਦ ਸਨ।