ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 27 ਨਵੰਬਰ
ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਪੈਸੇ ਕਮਾਉਣ ਦਾ ਸਾਧਨ ਨਹੀਂ ਹਨ ਬਲਕਿ ਮਾਨਵ ਸਰੋਤ ਦੇ ਮਹੱਤਵਪੂਰਨ ਥੰਮ੍ਹ ਹਨ ਜਿਨ੍ਹਾਂ ਨਾਲ ਨਾ ਤਾਂ ਕੋਈ ਸਮਝੌਤਾ ਅਤੇ ਨਾ ਹੀ ਵਪਾਰ ਕੀਤਾ ਜਾ ਸਕਦਾ ਹੈ। ਅੱਜ ਦੇ ਸਮੇਂ ਵਿਚ ਸਿੱਖਿਆ ਦੇ ਨਾਲ ਨਾਲ ਬੱਚਿਆਂ ਲਈ ਨੈਤਿਕ ਸਿੱਖਿਆ ਬਹੁਤ ਜ਼ਰੂਰੀ ਹੈ। ਸਿੱਖਿਆ ਨਾਲ ਹੀ ਅੱਛੇ ਸੰਸਕਾਰ ਆਉਂਦੇ ਹਨ ਅਤੇ ਇਕ ਵਿਅਕਤੀ ਜੀਵਨ ਵਿਚ ਨਵੀਆਂ ਉਚਾਈਆਂ ਨੂੰ ਛੂੰਹਦਾ ਹੈ। ਰਾਜਪਾਲ ਅੱਜ ਛਾਉਣੀ ਦੇ ਬੀਪੀਐੱਸ ਪਲੈਨੇਟੇਰੀਅਮ ਵਿਚ ਨੈਸ਼ਨਲ ਇੰਡੀਪੈਂਡੈਂਟ ਸਕੂਲ ਅਲਾਇੰਸ ਸੰਸਥਾ ਵੱਲੋਂ ਕਰਵਾਏ ‘ਮੰਥਨ ਸਕੂਲ ਲੀਡਰਸ਼ਿਪ ਸਮਿਟ-2021’ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਰਾਜਪਾਲ ਨੇ ਕਿਹਾ ਕਿ ਕੋਵਿਡ-19 ਦੌਰਾਨ ਸਾਰੇ ਵਰਗ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ ਹੋਏ ਹਨ। ਇਸ ਮੌਕੇ ਅੰਬਾਲਾ ਡਿਵੀਜ਼ਨ ਦੀ ਕਮਿਸ਼ਨਰ ਰੇਣੂ ਐੱਸ ਫੁਲੀਆ, ਡੀਸੀ ਵਿਕਰਮ ਸਿੰਘ, ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਅਤੇ ਹੋਰ ਅਧਿਕਾਰੀ ਮੌਜੂਦ ਸਨ।