ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਸਤੰਬਰ
ਕੇਂਦਰੀ ਜੇਲ੍ਹ ’ਚੋਂ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹਵਾਲਾਤੀ ਫ਼ਰਾਰ ਹੋ ਗਿਆ। ਹਵਾਲਾਤੀ ਨੇ ਅਚਾਨਕ ਪਖਾਨਾ ਜਾਣ ਦਾ ਬਹਾਨਾ ਬਣਾਇਆ ਅਤੇ ਅੰਦਰੋਂ ਖਿੜਕੀ ਤੋੜ ਕੇ ਭੱਜ ਗਿਆ। ਜਦੋਂ ਉਹ ਪਖਾਨੇ ਵਿੱਚੋਂ ਕਾਫ਼ੀ ਦੇਰ ਬਾਹਰ ਨਾ ਆਇਆ ਤਾਂ ਪੁਲੀਸ ਨੂੰ ਸ਼ੱਕ ਪਿਆ, ਅੰਦਰ ਜਾ ਕੇ ਦੇਖਿਆ ਤਾਂ ਹਵਾਲਾਤੀ ਗਾਇਬ ਸੀ। ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਐੱਸਪੀ ਵੱਲੋਂ ਬਣਾਈ ਗਈ ਟੀਮ ਨੇ ਸਰਕਾਰੀ ਹਸਪਤਾਲ ਅੰਬਾਲਾ ਸ਼ਹਿਰ ਵਿਚੋਂ ਜ਼ੇਰੇ ਇਲਾਜ ਹਵਾਲਾਤੀ ਪ੍ਰਿੰਸ ਨਿਵਾਸੀ ਨਿਊ ਮਾਰਕੀਟ ਬਲਦੇਵ ਨਗਰ ਅੰਬਾਲਾ ਮਾਰਕੀਟ ਨੂੰ ਅੱਜ ਮੰਜੀ ਸਾਹਿਬ ਗੁਰਦੁਆਰੇ ਨੇੜਿਉਂ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬਲਦੇਵ ਨਗਰ ਨਿਵਾਸੀ ਪ੍ਰਿੰਸ ਕੇਂਦਰੀ ਜੇਲ੍ਹ ਅੰਬਾਲਾ ਵਿਚ ਬੰਦ ਸੀ। 2 ਸਤੰਬਰ ਨੂੰ ਅਚਾਨਕ ਉਸ ਦੀ ਤਬੀਅਤ ਵਿਗੜ ਗਈ। ਉਸ ਨੂੰ ਸਿਵਲ ਹਸਪਤਾਲ ਦੇ ਕੈਦੀ ਵਾਰਡ ਵਿਚ ਭਰਤੀ ਕਰਾਇਆ ਗਿਆ ਅਤੇ ਸੁਰੱਖਿਆ ਦੇ ਲਿਹਾਜ਼ ਨਾਲ 2 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਐਤਵਾਰ ਸ਼ਾਮ ਨੂੰ ਪ੍ਰਿੰਸ ਨੇ ਪਖਾਨਾ ਜਾਣ ਦਾ ਬਹਾਨਾ ਬਣਾਇਆ ਅਤੇ ਫ਼ਰਾਰ ਹੋ ਗਿਆ। ਪੁਲੀਸ ਮੁਤਾਬਕ ਪ੍ਰਿੰਸ ਨੂੰ ਰੇਲਵੇ ਸੁਰੱਖਿਆ ਬਲ ਨੇ ਜੂਨ 2022 ਵਿਚ ਚੋਰੀ ਕਰਦਿਆਂ ਫੜਿਆ ਸੀ ਜਦੋਂ ਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋ ਗਿਆ ਸੀ। ਬਲਦੇਵ ਨਗਰ ਥਾਣਾ ਇੰਚਾਰਜ ਗੌਰਵ ਪੂਨੀਆ ਨੇ ਦੱਸਿਆ ਕਿ ਪ੍ਰਿੰਸ ਦੇ ਖ਼ਿਲਾਫ਼ ਰੇਲਵੇ ਐਕਟ ਦੇ ਤਹਿਤ ਕੇਸ ਦਰਜ ਸੀ।
ਹਵਾਲਾਤ ਦਾ ਸਰੀਆ ਤੋੜ ਕੇ ਦੋ ਮੁਲਜ਼ਮ ਫ਼ਰਾਰ
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਥਾਣਾ ਮੰਡੀ ਗੋਬਿੰਦਗੜ੍ਹ ਵਿੱਚ ਚੋਰੀ ਦੇ ਮਾਮਲੇ ਵਿਚ ਫੜੇ 2 ਚੋਰ ਅੱਧੀ ਰਾਤ ਨੂੰ ਹਵਾਲਾਤ ਦਾ ਸਰੀਆ ਤੋੜ ਕੇ ਫ਼ਰਾਰ ਹੋ ਗਏ। ਦੋ ਸਤੰਬਰ ਨੂੰ ਮੁਲਜ਼ਮ ਭਿੰਦਰ ਰਾਮ ਵਾਸੀ ਪਿੰਡ ਕੁੰਭੜਾ ਅਤੇ ਸੰਦੀਪ ਸਿੰਘ ਵਾਸੀ ਪਿੰਡ ਤੂਰਾਂ ਨੂੰ ਮੰਡੀ ਗੋਬਿੰਦਗੜ੍ਹ ਪੁਲੀਸ ਨੇ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਸੀ। ਉਨ੍ਹਾਂ ’ਤੇ ਲੋਹੇ ਦੀ ਪਾਈਪ, ਗਰਿੱਲ ਆਦਿ ਸਾਮਾਨ ਚੋਰੀ ਕਰਨ ਦੇ ਦੋਸ਼ ਸਨ। ਇਨ੍ਹਾਂ ਨੂੰ 3 ਸਤੰਬਰ ਨੂੰ ਅਮਲੋਹ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਥਾਣਾ ਮੰਡੀ ਗੋਬਿੰਦਗੜ੍ਹ ਦੀ ਹਵਾਲਾਤ ਵਿਚ ਰੱਖਿਆ ਸੀ। ਅੱਧੀ ਰਾਤ ਨੂੰ ਇਹ ਚੋਰ ਹਵਾਲਾਤ ਦਾ ਸਰੀਆ ਤੋੜ ਕੇ ਰੌਸ਼ਨਦਾਨ ਰਾਹੀਂ ਫਰਾਰ ਹੋ ਗਏ। ਮੁਲਜ਼ਮ ਸੰਦੀਪ ਸਿੰਘ ਦੀ ਭੈਣ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਚੋਰੀ ਦੇ ਮਾਮਲੇ ਵਿਚ ਪੁਲੀਸ ਨੇ ਫੜਿਆ ਸੀ ਪ੍ਰੰਤੂ ਐਤਵਾਰ ਨੂੰ ਪੁਲੀਸ ਉਸ ਦੇ ਪਿਤਾ, ਛੋਟੇ ਭਰਾ ਨੂੰ ਸਵੇਰੇ 5 ਵਜੇ ਲੈਣ ਲਈ ਘਰ ਆ ਗਈ। ਉਸ ਨੂੰ ਵੀ ਬਾਅਦ ਵਿਚ ਥਾਣੇ ਵਿਚ ਬੁਲਾਇਆ ਗਿਆ। ਉਸ ਨੇ ਕਿਹਾ ਕਿ ਜੇ ਉਸ ਦੇ ਭਰਾ ਨੇ ਅਪਰਾਧ ਕੀਤਾ ਹੈ ਤਾਂ ਉਸ ਦੀ ਸਜ਼ਾ ਉਸ ਦੇ ਨਿਰਦੋਸ਼ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਣੀ ਚਾਹੀਦੀ। ਇਸ ਸਬੰਧੀ ਥਾਣਾ ਮੁਖੀ ਅਕਾਸ਼ ਦੱਤ ਨੇ ਕਿਹਾ ਕਿ ਜਲਦੀ ਹੀ ਫ਼ਰਾਰ ਹੋਏ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।