ਪੀ.ਪੀ. ਵਰਮਾ
ਪੰਚਕੂਲਾ, 23 ਮਾਰਚ
ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਕਿਹਾ ਹੈ ਕਿ ਰਾਜ ਵਿੱਚ ਸਕੂਲ-ਕਾਲਜ ਬੰਦ ਕਰਨ ਦਾ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਹਰਿਆਣਾ ਵਿੱਚ ਹਾਲਤ ਫ਼ਿਲਹਾਲ ਠੀਕ ਹੈ ਤੇ ਜੇ ਕਰੋਨਾ ਕਾਰਨ ਸਥਿਤੀ ਵਿਗੜਦੀ ਹੈ ਤਾਂ ਮੌਕੇ ਮੁਤਾਬਕ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਤੋਂ ਦੂਸਰੀ ਕਲਾਸ ਦੀਆਂ ਪ੍ਰੀਖਿਆਵਾਂ ਜ਼ੁਬਾਨੀ ਹੋਣਗੀਆਂ। ਤੀਜੀ ਤੋਂ ਅੱਠਵੀਂ ਤੱਕ ਦੀਆਂ ਪ੍ਰੀਖਿਆਵਾਂ ਆਨਲਾਈਨ ਹੋਣਗੀਆਂ। ਇਹ ਪੇਪਰ ‘ਐਪ’ ਦੇ ਮਾਧਿਅਮ ਰਾਹੀਂ ਹੋਣਗੇ। ਨੌਵੀਂ ਅਤੇ ਗਿਆਰ੍ਹਵੀਂ ਦੀਆਂ ਪ੍ਰੀਖਿਆਵਾਂ ਆਫਲਾਈਨ ਹੋਣਗੀਆਂ। ਹਾਲਾਂਕਿ ਜੇ ਕਰੋਨਾ ਕਾਰਨ ਸਥਿਤੀ ਵਿਗੜਦੀ ਹੈ ਤਾਂ ਇਸ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਅਪਰੈਲ ਦੇ ਆਖ਼ਰੀ ਹਫ਼ਤੇ ਨਵੇਂ ਦਾਖ਼ਲੇ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਨੂੰ ਪ੍ਰੀਖਿਆਵਾਂ ਲੈਣ ਦੀ ਛੋਟ ਦਿੱਤੀ ਗਈ ਹੈ। ਹਰਿਆਣਾ ਦੀਆਂ ਯੂਨੀਵਰਸਿਟੀਆਂ ਆਨਲਾਈਨ-ਆਫਲਾਈਨ ਆਪਣੀ ਸੁਵਿਧਾ ਮੁਤਾਬਕ ਪ੍ਰੀਖਿਆਵਾਂ ਲੈ ਸਕਦੀਆਂ ਹਨ।
‘ਕਿਸਾਨ ਜ਼ਿੱਦ ’ਤੇ ਅੜੇ, ਸਰਕਾਰ ਸੋਧ ਲਈ ਤਿਆਰ’
ਕਿਸਾਨਾਂ ਅੰਦੋਲਨ ਬਾਰੇ ਪੁੱਛਣ ’ਤੇ ਹਰਿਆਣਾ ਦੇ ਮੰਤਰੀ ਕੰਵਰਪਾਲ ਗੁੱਜਰ ਨੇ ਕਿਹਾ ਕਿ ਕਿਸਾਨਾਂ ਨੂੰ ‘ਕਾਨੂੰਨ ਤੇ ਵੈਕਸੀਨ ਬਾਰੇ ਕੋਈ ਜਾਣਕਾਰੀ ਨਹੀਂ ਹੈ।’ ਉਨ੍ਹਾਂ ਕਿਹਾ ਕਿ ਇਹ ਗਲਤ ਗੱਲ ਹੈ ਕਿ ਕਿਸਾਨ ਪਿੰਡਾਂ ਵਿੱਚ ਕੋਵਿਡ ਵੈਕਸੀਨ ਨਹੀਂ ਲੱਗਣ ਦੇ ਰਹੇ। ਉਨ੍ਹਾਂ ਕਿਹਾ ਕਿਸਾਨਾਂ ਦੀ ਜ਼ਿੱਦ ਠੀਕ ਨਹੀਂ ਕਿਉਂਕਿ ਖੇਤੀ ਬਿੱਲਾਂ ਵਿੱਚ ਸੋਧ ਕਰਨ ਲਈ ਸਰਕਾਰ ਤਿਆਰ ਹੈ। ਗੁੱਜਰ ਨੇ ਕਿਹਾ ਕਿ ਕਾਨੂੰਨਾਂ ਵਿੱਚ ਕੋਈ ਕਮੀ ਨਹੀਂ ਹੈ ਪਰ ਕਿਸਾਨ ਜ਼ਿੱਦ ’ਤੇ ਅੜੇ ਹੋਏ ਹਨ।