ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਮੇਵਾਤ ਖੇਤਰ ਵਿੱਚ ਖਣਨ ਮਾਫੀਆ ਵੱਲੋਂ ਡੀਐੱਸਪੀ ਸੁਰਿੰਦਰ ਸਿੰਘ ਦੀ ਟਰੱਕ ਹੇਠ ਦਰੜ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਦਾ ਫ਼ੈਸਲਾ ਲਿਆ ਹੈ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਇਲਾਕੇ ਵਿੱਚ ਗੈਰਕਾਨੂੰਨੀ ਖਣਨ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਵੀ ਜਾਂਚ ਕੀਤੀ ਜਾਵੇਗੀ। ਵਿੱਜ ਨੇ ਇਕ ਟਵੀਟ ਵਿੱਚ ਕਿਹਾ, ‘‘ਹਰਿਆਣਾ ਸਰਕਾਰ ਨੇ ਮੇਵਾਤ ਵਿੱਚ ਖਣਨ ਮਾਫੀਆ ਵੱਲੋਂ ਡੀਐੱਸਪੀ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ ਅਤੇ ਇਲਾਕੇ ਵਿੱਚ ਗੈਰਕਾਨੂੰਨੀ ਖਣਨ ਦੇ ਸਾਰੇ ਪਹਿਲੂਆਂ ਦੀ ਨਿਆਂਇਕ ਜਾਂਚ ਕਰਵਾਉਣ ਦਾ ਫ਼ੈਸਲਾ ਲਿਆ ਹੈ।’’ ਹਰਿਆਣਾ ਦੇ ਜ਼ਿਲ੍ਹਾ ਨੂਹ ਵਿੱਚ ਤੌਰੂ ਦੇ ਡੀਐੱਸਪੀ ਸੁਰਿੰਦਰ ਸਿੰਘ ਨੇ ਮੰਗਲਵਾਰ ਨੂੰ ਜਦੋਂ ਇਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਉਨ੍ਹਾਂ ਨੂੰ ਟਰੱਕ ਹੇਠ ਦਰੜ ਦਿੱਤਾ ਸੀ। ਡੀਐੱਸਪੀ ਤੌਰੂ ਨੇੜੇ ਪਚਗਾਓਂ ਵਿੱਚ ਪੈਂਦੀਆਂ ਅਰਾਵਲੀ ਦੀਆਂ ਪਹਾੜੀਆਂ ’ਚ ਹੁੰਦੇ ਗੈਰ-ਕਾਨੂੰਨੀ ਖਣਨ ਖ਼ਿਲਾਫ਼ ਛਾਪਾ ਮਾਰਨ ਗਿਆ ਸੀ। -ਪੀਟੀਆਈ