ਪੱਤਰ ਪ੍ਰੇਰਕ
ਫਰੀਦਾਬਾਦ, 5 ਮਈ
ਹਰਿਆਣਾ ਸਰਕਾਰ ਨੇ ਨਿੱਜੀ ਐਂਬੂਲੈਂਸਾਂ ਲਈ ਪ੍ਰਤੀ ਕਿਲੋਮੀਟਰ ਕਿਰਾਇਆ ਤੈਅ ਕਰ ਦਿੱਤਾ ਹੈ ਤਾਂ ਜੋ ਐਂਬੂਲੈਂਸ ਅਪਰੇਟਰਾਂ/ਮਾਲਕਾਂ ਹੱਥੋਂ ਕਰੋਨਾ ਪੀੜਤਾਂ ਦੀ ਲੁੱਟ ਨਾ ਹੋ ਸਕੇ। ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਜਿਨ੍ਹਾਂ ਐਂਬੂਲੈਂਸਾਂ ਉਪਰ ਜੀਵਨ ਰੱਖਿਅਕ ਆਧੁਨਿਕ ਪ੍ਰਣਾਲੀ ਲੱਗੀ ਹੋਈ ਹੈ, ਉਨ੍ਹਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ 15 ਰੁਪਏ ਤੈਅ ਕੀਤਾ ਗਿਆ ਹੈ ਤੇ ਬੈਸਿਕ ਜੀਵਨ ਰੱਖਿਅਕ ਪ੍ਰਣਾਲੀ ਵਾਲੀਆਂ ਐਂਬੂਲੈਂਸਾਂ ਦਾ ਪ੍ਰਤੀ ਕਿਲੋਮੀਟਰ ਕਿਰਾਇਆ 7 ਰੁਪਏ ਪ੍ਰਤੀ ਕਿਲੋਮੀਟਰ ਤੈਅ ਕੀਤਾ ਗਿਆ ਹੈ। ਇਸ ਲਈ ਨਿੱਜੀ ਹਸਪਤਾਲਾਂ ਤੇ ਨਿੱਜੀ ਐਂਬੂਲੈਂਸਾਂ ਅਪਰੇਟਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਤੈਅ ਕਿਰਾਏ ਤੋਂ ਵੱਧ ਪੈਸੇ ਨਾ ਵਸੂਲਣ। ਜੇਕਰ ਅਜਿਹਾ ਕਰਦੇ ਉਹ ਪਾਏ ਜਾਂਦੇ ਹਨ ਤਾਂ ਐਂਬੂਲੈਂਸਾਂ ਨੂੰ ਜਬਤ ਕਰਨ ਦੇ ਨਾਲ-ਨਾਲ 5-5 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਜਾਵੇਗਾ। ਕੌਮੀ ਸਿਹਤ ਮਿਸ਼ਨ ਤਹਿਤ ਇਹ ਐਲਾਨ ਕੀਤਾ ਗਿਆ ਹੈ।
ਲਾਸ਼ਾਂ ਸਿਵਿਆਂ ’ਚ ਪਹੁੰਚਾਉਣ ਲਈ ਸਿੱਖ ਨੌਜਵਾਨ ਕਰ ਰਹੇ ਨੇ ਸੇਵਾ
ਕਰੋਨਾ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਇੱਥੋਂ ਦੇ ਐੱਨਐੱਚ-5 ਦੇ ਕੁੱਝ ਸਿੱਖ ਨੌਜਵਾਨਾਂ ਵੱਲੋਂ ਆਪਣੀ ਗੱਡੀ ਰਾਹੀਂ ਕੋਵਿਡ ਮੁਰਦਿਆਂ ਨੂੰ ਸਿਵਿਆਂ ਤੱਕ ਪਹੁੰਚਾਉਣ ਦੀ ਸੇਵਾ ਸਾਂਭੀ ਹੈ। ਸਥਾਨਕ ਕੌਂਸਲਰ ਜਸਵੰਤ ਸਿੰਘ ਨਾਗਰਾ ਨੇ ਦੱਸਿਆ ਕਿ ਜਦੋਂ ਕਰੋਨਾ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਹੀ ਹੱਥ ਨਹੀਂ ਲਾਉਣਾ ਚਾਹੁੰਦੇ ਤਾਂ ਉਸ ਸਮੇਂ ਇਹ ਨੌਜਵਾਨਾਂ ਨੇ ਅੱਗੇ ਆ ਕੇ ਸੇਵਾ ਸਾਂਭੀ ਹੈ ਤੇ ਰੋਜ਼ਾਨਾ 8-10 ਲਾਸ਼ਾਂ ਸਿਵਿਆਂ ਤੱਕ ਪੁੱਜਦੀਆਂ ਕਰ ਰਹੇ ਹਨ।