ਪੱਤਰ ਪ੍ਰੇਰਕ
ਪੰਚਕੂਲਾ, 11 ਅਕਤੂਬਰ
ਹਰਿਆਣਾ ਸਰਕਾਰ ਨੇ ਨਿਯਮ 134-ਏ ਤਹਿਤ ਵਿਦਿਆਰਥੀਆਂ ਦੀ ਫੀਸ ਦੀ ਅਦਾਇਗੀ ਸਬੰਧੀ ਸਕੂਲਾਂ ਨੂੰ ਆਪਣਾ ਡਾਟਾ ਅਪਡੇਟ ਕਰਨ ਲਈ 20 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਨੇ ਨਿਯਮ 134-ਏ ਤਹਿਤ ਵਿੱਦਿਅਕ ਸੈਸ਼ਨ 2020-21 ਦੌਰਾਨ ਜਮਾਤ ਦੂਜੀ ਤੋਂ ਅੱਠਵੀਂ ਤਕ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਵਿੱਚ ਪ੍ਰਮੋਟ ਹੋਏ ਵਿਦਿਆਰਥੀਆਂ ਦੀ ਫੀਸ ਦੀ ਅਦਾਇਗੀ ਸਬੰਧੀ ਆਨਲਾਈਨ ਪੋਰਟਲ ਤਿਆਰ ਕੀਤਾ ਹੈ। ਜਿਨ੍ਹਾਂ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਵਿਚ ਉਪਰੋਕਤ ਨਿਯਮ ਤਹਿਤ ਬੀਪੀਐੱਲ ਤੇ ਈਡਬਲਿਊਐੱਸ ਸ਼੍ਰੇਣੀ ਦੇ ਵਿਦਿਆਰਥੀਆਂ ਦਾ ਦਾਖਲਾ ਕਰਵਾਇਆ ਹੋਇਆ ਹੈ ਉਹ ਸਕੂਲ ਵਿਭਾਗ ਦੀ ਵੈੱਬਸਾਈਟ ’ਤੇ ਦਿੱਤੇ ਲਿੰਕ ਰਾਹੀਂ 20 ਅਕਤੂਬਰ ਤੱਕ ਆਪਣਾ ਡਾਟਾ ਅਪਡੇਟ ਕਰ ਸਕਦੇ ਹਨ।