ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਸਤੰਬਰ
ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਕ੍ਰਿਸ਼ਨ ਬੇਦੀ ਨੇ ਬਿਜਾਈ ਮੌਸਮ ਆਰੰਭ ਹੋਣ ਤੋਂ ਪਹਿਲਾਂ ਹੀ ਰੱਬੀ ਦੀਆਂ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ ਘੋਸ਼ਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕਰਦਿਆਂ ਆਸ਼ਾ ਜ਼ਾਹਿਰ ਕੀਤੀ ਹੈ ਕਿ ਇਹ ਫੈਸਲਾ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਇਕ ਮਹੱਤਵ ਪੂਰਨ ਕਦਮ ਸਾਬਤ ਹੋਵੇਗਾ। ਬੇਦੀ ਨੇ ਕਿਹਾ ਕਿ ਸੂਬਾ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਥੇ ਕਿਸਾਨਾਂ ਨੂੰ ਗੰਨੇ ਦਾ ਰੇਟ ਸਭ ਤੋਂ ਵੱਧ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸਰਕਾਰ ਨੇ ਗੰਨੇ ਦੇ ਭਾਅ ਵਿਚ 12 ਰੁਪਏ ਪ੍ਰਤੀ ਕੁਇੰਟਲ ਇਜ਼ਾਫਾ ਕਰ ਕੇ 350 ਤੋਂ 362 ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਰੇਟ ਦੇਸ਼ ਵਿਚ ਸਭ ਤੋਂ ਵੱਧ ਹੈ ਤੇ ਹਾਲ ਹੀ ਵਿਚ ਚੋਣਾਂ ਹੋਣ ਵਾਲੇ ਗੁਆਂਢੀ ਸੂਬੇ ਪੰਜਾਬ ਤੋਂ ਵੀ ਦੋ ਰੁਪਏ ਵੱਧ ਹੈ। ਰਬੀ ਦੀਆਂ ਇਨ੍ਹਾਂ ਫਸਲਾਂ ਵਿਚ ਨਿਊਨਤਮ ਸਮਰਥਨ ਮੁੱਲਾਂ ਵਿਚ 40 ਤੋਂ 400 ਰੁਪਏ ਤਕ ਦਾ ਵਾਧਾ ਕੀਤਾ ਗਿਆ ਹੈ। ਇਥੋਂ ਤਕ ਕਿ ਕਈ ਫਸਲਾਂ ਦੇ ਭਾਅ ਵਿਚ ਤਾਂ 100 ਪ੍ਰਤੀਸ਼ਤ ਤਕ ਦਾ ਵਾਧਾ ਕੀਤਾ ਗਿਆ ਹੈ। ਬੇਦੀ ਨੇ ਕਿਹਾ ਕਿ ਅਗਲੇ ਸਾਲ ਵੀ ਇਸੇ ਤਰਾਂ ਨਿਊਨਤਮ ਸਮਰਥਨ ਮੁੱਲ ਵਿਚ ਵਾਧਾ ਜਾਰੀ ਰਹੇਗਾ ਅਤੇ ਯਕੀਨਨ ਤੌਰ ’ਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਪ੍ਰਧਾਨ ਮੰਤਰੀ ਦਾ ਟੀਚਾ ਪੂਰਾ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਕੇਂਦਰ ਸਰਕਾਰ ਬੀਜਾਈ ਮੌਸਮ ਤੋਂ ਪਹਿਲਾਂ ਹੀ ਰਬੀ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ ਘੋਸ਼ਿਤ ਕਰਦੀ ਆ ਰਹੀ ਹੈ।