ਚੰਡੀਗੜ੍ਹ (ਟਨਸ): ਹਰਿਆਣਾ ਸਰਕਾਰ ਨੇ ਸੂਬੇ ਵਿੱਚ ਕਰੋਨਾਵਾਇਰਸ ਦੀ ਤੀਜੀ ਲਹਿਰ ਦੀ ਆਮਦ ਦਾ ਖਦਸ਼ਾ ਜਤਾਉਂਦਿਆਂ ‘ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ’ (ਲੌਕਡਾਊਨ) 4 ਅਕਤੂਬਰ ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਕਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਕਾਲਜ ਖੋਲ੍ਹਣ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ ਜਦਕਿ ਸੂਬੇ ’ਚ ਸਥਿਤ ਰਿਹਾਇਸ਼ੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ 15 ਅਕਤੂਬਰ ਤੱਕ ਆਨਲਾਈਨ ਕਲਾਸਾਂ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹੋਰ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਉਣ ਦੀ ਹਦਾਇਤ ਦਿੱਤੀ ਗਈ ਹੈ।