ਆਤਿਸ਼ ਗੁਪਤਾ
ਚੰਡੀਗੜ੍ਹ, 23 ਜੂਨ
ਹਰਿਆਣਾ ਦੀਆਂ 18 ਨਗਰ ਕੌਂਸਲਾਂ ਅਤੇ 28 ਨਗਰ ਪੰਚਾਇਤਾਂ ਚੋਣਾਂ ਵਿੱਚ ਭਾਜਪਾ-ਜੇਜੇਪੀ ਗੱਠਜੋੜ 25 ਸ਼ਹਿਰਾਂ ਵਿਚ ਆਪਣੇ ਪ੍ਰਧਾਨ ਬਣਾਉਣ ਵਿੱਚ ਕਾਮਯਾਬ ਹੋ ਗਿਆ ਹੈ ਪਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਆਪਣੇ ਹਲਕਿਆਂ ਵਿੱਚ ਭਾਜਪਾ-ਜੇਜੇਪੀ ਗਠਜੋੜ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਇੱਥੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਪਿਛਲੀ ਵਾਰ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣ ਵਿੱਚ 35 ਸੀਟਾਂ ’ਤੇ ਇਕੱਲੀ ਜਿੱਤ ਹਾਸਲ ਕਰਨ ਵਾਲੀ ਭਾਜਪਾ ਗਠਜੋੜ ਦੇ ਬਾਵਜੂਦ 25 ਸੀਟਾਂ ’ਤੇ ਹੀ ਸਿਮਟ ਗਈ ਹੈ।ਜਾਣਕਾਰੀ ਅਨੁਸਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਜ਼ਿਲ੍ਹਾ ਕਰਨਾਲ ਵਿੱਚ ਪੈਂਦੀਆਂ ਤਿੰਨ ਨਗਰ ਪੰਚਾਇਤਾਂ ਅਸੰਧ, ਨੀਸਿੰਗ ਅਤੇ ਤਰਵਾੜੀ ਵਿੱਚ ਭਾਜਪਾ ਉਮੀਦਵਾਰ ਦੀ ਥਾਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਆਪਣੇ ਵਿਧਾਨ ਸਭਾ ਹਲਕਾ ਉਚਾਣਾ ਵਿੱਚ ਜੇਜੇਪੀ ਦੀ ਥਾਂ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
ਹਰਿਆਣਾ ’ਤੇ ਲੰਬਾ ਸਮਾਂ ਰਾਜ ਕਰਨ ਵਾਲੀ ਇਨੈਲੋ ਸਿਰਫ਼ ਇਕ ਸੀਟ ’ਤੇ ਸਿਮਟ ਗਈ ਹੈ। ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿਤਰੀ ਆਮ ਆਦਮੀ ਪਾਰਟੀ (ਆਪ) ਆਪਣਾ ਇਕ ਪ੍ਰਧਾਨ ਬਣਾਉਣ ਵਿੱਚ ਕਾਮਯਾਬ ਰਹੀ। ਇਸ ਤੋਂ ਇਲਾਵਾ 19 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਜਿਸ ਵਿੱਚ 6 ਉਮੀਦਵਾਰ ਕਾਂਗਰਸੀ ਪਾਰਟੀ ਦੇ ਹਮਾਇਤੀ ਹਨ।
ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤਿੰਨ ਖੇਤੀ ਕਾਨੂੰਨ ਅਤੇ ਅਗਨੀਪਥ ਯੋਜਨਾ ਕਰਕੇ ਸੂਬੇ ਦੇ ਵੱਡੀ ਗਿਣਤੀ ਲੋਕ ਸੱਤਾਧਾਰੀ ਭਾਜਪਾ-ਜੇਜੇਪੀ ਗਠਜੋੜ ਤੋਂ ਨਾਰਾਜ਼ ਹਨ ਜਿਨ੍ਹਾਂ ਨੇ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਭਾਜਪਾ-ਜੇਜੇਪੀ ਨੂੰ ਨਕਾਰ ਦਿੱਤਾ ਹੈ। ਹਰਿਆਣਾ ਵਿੱਚ ਕੁੱਲ 46 ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਵਿੱਚੋਂ ਸੱਤਾਧਾਰੀ ਭਾਜਪਾ-ਜੇਜੇਪੀ ਗੱਠਜੋੜ ਦੀ 21 ਸੀਟਾਂ ’ਤੇ ਹਾਰ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਵੱਲੋਂ ਭਾਜਪਾ-ਜੇਜੇਪੀ ਨੂੰ ਘੇਰਿਆ ਜਾ ਰਿਹਾ ਹੈ।
ਹਰਿਆਣਾ ਕਾਂਗਰਸ ਦੇ ਪ੍ਰਧਾਨ ਚੌਧਰੀ ਉਦੈਭਾਨ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ 25 ਸੀਟਾਂ ’ਤੇ ਜਿੱਤ ਦੀ ਖੁਸ਼ੀ ਮਨਾਉਣ ਲੱਗੇ ਹਨ ਪਰ ਉਹ ਆਪਣੇ ਜ਼ਿਲ੍ਹੇ ਅਤੇ ਵਿਧਾਨ ਸਭਾ ਹਲਕਿਆਂ ਵਿੱਚੋਂ ਹੀ ਹਾਰ ਗਏ ਹਨ।
ਇਸ ਲਈ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਿਛਲੀ ਵਾਰ ਇਕੱਲੇ ਚੋਣ ਲੜਦੇ ਹੋਏ 35 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਹਰਿਆਣਾ ਦੇ ਲੋਕ ਸੱਤਾਧਾਰੀ ਭਾਜਪਾ-ਜੇਜੇਪੀ ਗਠਜੋੜ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ।